ਰਜਨੀਕਾਂਤ ਦੀ ਫ਼ਿਲਮ ਅੰਨਾਥੇ ਰੀਲੀਜ਼ ਹੋਣ ‘ਤੇ ਪ੍ਰਸ਼ੰਸਕਾਂ ‘ਚ ਜਸ਼ਨ ਦਾ ਮਾਹੌਲ

ਸਾਊਥ ਸਿਨੇਮਾ ਦੇ ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ਰਿਲੀਜ਼ ਹੁੰਦਿਆਂ ਹੀ ਪ੍ਰਸ਼ੰਸਕਾਂ ਵਿਚਾਲੇ ਜਸ਼ਨ ਦਾ ਮਾਹੌਲ ਲੈ ਕੇ ਆਈ ਹੈ। ਰਜਨੀਕਾਂਤ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਦੀਵਾਨਗੀ ਇਸ ਕਦਰ ਹੈ ਕਿ ਦੱਖਣ ਭਾਰਤ ‘ਚ ਉਨ੍ਹਾਂ ਦੇ ਕਈ ਮੰਦਰ ਬਣੇ ਹੋਏ ਹਨ। ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੁੰਦਿਆਂ ਸਾਰ ਹਾਊਸਫ਼ੁੱਲ ਹੋ ਜਾਂਦੀ ਹੈ। ਰਜਨੀਕਾਂਤ ਦੇ ਪ੍ਰਸ਼ੰਸਕ ਉਨ੍ਹਾਂ ‘ਤੇ ਜਾਨ ਛਿੜਕਦੇ ਹਨ। ਇਸੇ ਤਰ੍ਹਾਂ ਰਜਨੀਕਾਂਤ ਦੀ ਨਵੀਂ ਫ਼ਿਲਮ ਅੰਨਾਥੇ ਰੀਲੀਜ਼ ਹੁੰਦਿਆਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਜਸ਼ਨ ਮਨਾਉਣ ਲੱਗ ਪਏ। ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੋਣ ਦੀ ਖ਼ੁਸ਼ੀ ‘ਚ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਹਵਨ ਕਰਵਾ ਦਿੱਤਾ। ਅੰਨਾ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਦੀਆਂ ਫ਼ਿਲਮਾਂ ਰਿਲੀਜ਼ ਹੋਣ ਦਾ ਦਿਨ ਕਿਸੇ ਤਿਓਹਾਰ ਨਾਲੋਂ ਘੱਟ ਨਹੀਂ ਹੁੰਦਾ।
ਸੁਪਰਸਟਾਰ ਰਜਨੀਕਾਂਤ ਦੀ ਨਵੀਂ ਫ਼ਿਲਮ ਅੰਨਾਥੇ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰੀਲੀਜ਼ ਹੋਣ ਮੌਕੇ ਪ੍ਰਸ਼ੰਸਕਾਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਤਾਮਿਲਨਾਡੂ ਦੇ ਤ੍ਰਿਚੀ ਜ਼ਿਲ੍ਹੇ ‘ਚ ਰਜਨੀਕਾਂਤ ਫ਼ੈਨ ਕਲੱਬ ਦੇ ਡਿਪਟੀ ਸੈਕਟਰੀ ਕਰਣਨ ਨੇ ਫ਼ਿਲਮ ਦੀ ਰਿਲੀਜ਼ ਮੌਕੇ ਖ਼ੁਸ਼ੀ ਜ਼ਾਹਿਰ ਕੀਤੀ।
ਕਰਣਨ ਰਾਤ ਦੇ ਖਾਣੇ ‘ਚ ਇੱਕ ਰੁਪਏ ‘ਚ ਲੋਕਾਂ ਨੂੰ ਡੋਸਾ ਪਰੋਸ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਅੰਨਾ ਡੋਸਾ ਦੀ ਮਾਰਕੀਟਿੰਗ ਕੀਤੀ ਜਾ ਰਹੀ ਹੈ। ਕਰਣਨ ਨੇ ਦੱਸਿਆ, ”ਮੈਂ ਚਾਹੁੰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਲੋਕ ਵੱਡੀ ਗਿਣਤੀ ‘ਚ ਆਉਣ ਤੇ ਫ਼ਿਲਮ ਇੱਕ ਵੱਡੀ ਹਿੱਟ ਬਣੇ।”
ਜਸ਼ਨ ਦੌਰਾਨ ਸੈਂਕੜੇ ਪ੍ਰਸ਼ੰਸਕ ਮੁੰਬਈ ਅਤੇ ਚੇਨਈ ਦੇ ਸਿਨੇਮਾਘਰਾਂ ਦੇ ਬਾਹਰ ਨੱਚਦੇ ਦੇਖੇ ਗਏ। ਚੇਨਈ ਦੇ ਰੋਹਿਣੀ ਥੀਏਟਰ ਅਤੇ ਮੁੰਬਈ ਦੇ ਸਿਓਂ ਦੇ PVR ਥੀਏਟਰ ਦੀਆਂ ਤਾਜ਼ਾ ਤਸਵੀਰਾਂ ਅਨੁਸਾਰ ਥੀਏਟਰ ਦੇ ਸਾਹਮਣੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ ਜਿਨ੍ਹਾਂ ‘ਚ ਬਾਲਗ ਹੀ ਨਹੀਂ ਸਗੋਂ 3-4 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਿਲ ਸਨ। ਰਜਨੀਕਾਂਤ ਦੀ ਫ਼ਿਲਮ ਅੰਨਾਥੇ ਲਈ ਹਰ ਕੋਈ ਉਥੇ ਪਹੁੰਚਿਆ ਹੋਇਆ ਸੀ।
ਸਫ਼ੈਦ ਕਮੀਜ਼ ਅਤੇ ਲੁੰਗੀ ਪਹਿਨੇ ਬਹੁਤ ਸਾਰੇ ਪ੍ਰਸ਼ੰਸਕ ਚੇਨਈ ਅਤੇ ਮੁੰਬਈ ਦੇ ਸਿਨੇਮਾਘਰਾਂ ‘ਚ ਫ਼ਿਲਮ ਦੇਖਣ ਦੀ ਉਡੀਕ ਕਰਦੇ ਦੇਖੇ ਗਏ। ਉਹ ਸੁਪਰਸਟਾਰ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਲਈ ਸਵੇਰੇ 4-5 ਵਜੇ ਟਿਕਟ ਕਾਊਂਟਰਾਂ ‘ਤੇ ਕਤਾਰਾਂ ਲਗਾਉਣ ਲੱਗ ਪਏ। ਲੋਕ ਰਜਨੀਕਾਂਤ ਦੇ ਕਟਆਊਟਸ ਨਾਲ ਪੋਜ਼ ਦਿੰਦੇ ਹੋਏ ਅਤੇ ਫ਼ਿਰ ਢੋਲ ਅਤੇ ਬੈਂਜੋ ਦੀਆਂ ਧੁਨਾਂ ‘ਤੇ ਨੱਚਦੇ ਵੀ ਨਜ਼ਰ ਆਏ।