ਮਿਸ਼ਨ ਮਜਨੂ ਅਗਲੇ ਸਾਲ ਹੋਵੇਗੀ ਰੀਲੀਜ਼

ਬੌਲੀਵੁਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਰਸ਼ਮਿਕਾ ਮੰਦਾਨਾ ਅਭਿਨੀਤ, RSVP ਅਤੇ ਗਿਲਟੀ ਬਾਏ ਐਸੋਸਿਏਸ਼ਨ ਦੀ ਜਾਸੂਸੀ ਥ੍ਰਿਲਰ ਫ਼ਿਲਮ ਮਿਸ਼ਨ ਮਜਨੂ 13 ਮਈ 2022 ਨੂੰ ਸਿਨੇਮਾਘਰਾਂ ‘ਚ ਰੀਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਰੀਲੀਜ਼ ਡੇਟ ਦੀ ਘੋਸ਼ਣਾ ਦੇ ਨਾਲ ਫ਼ਿਲਮ ਮੇਕਰਜ਼ ਨੇ ਇੱਕ ਤਸਵੀਰ ਵੀ ਲੌਂਚ ਕੀਤੀ ਜਿਸ ਵਿੱਚ ਸਿਧਾਰਥ ਮਲਹੋਤਰਾ ਨਜ਼ਰ ਆ ਰਿਹਾ ਹੈ। ਇਸ ਪੋਸਟਰ ਨੇ ਫ਼ਿਲਮ ਦੀ ਕਹਾਣੀ ਦੇ ਪ੍ਰਤੀ ਲੋਕਾਂ ਦੀ ਬੇਸਬਰੀ ਹੋਰ ਵੀ ਵਧਾ ਦਿੱਤੀ ਹੈ।
ਦੱਸ ਦਈਏ ਕਿ ਇਹ ਫ਼ਿਲਮ ਪਾਕਿਸਤਾਨ ਦੀ ਧਰਤੀ ‘ਤੇ ਭਾਰਤ ਦੇ ਸਭ ਤੋਂ ਬਹਾਦਰੀ ਵਾਲੇ ਗੁਪਤ ਔਪ੍ਰੇਸ਼ਨ ਤੋਂ ਪ੍ਰੇਰਿਤ ਹੈ। ਸ਼ਾਂਤਨੂ ਬਾਗਚੀ ਦੁਆਰਾ ਨਿਰਦੇਸ਼ਿਤ ਫ਼ਿਲਮ 1970 ਦੇ ਦਹਾਕੇ ‘ਚ ਸੈੱਟ ਕੀਤੀ ਗਈ ਹੈ। ਸਿਧਾਰਥ ਮਲਹੋਤਰਾ ਇਸ ਫ਼ਿਲਮ ‘ਚ ਇੱਕ ਰਾਅ-ਏਜੰਟ ਦੀ ਭੂਮਿਕਾ ਨਿਭਾਏਗਾ ਜੋ ਭਾਰਤ ਦੇ ਔਪ੍ਰੇਸ਼ਨ ਦੀ ਅਗਵਾਈ ਕਰਦਾ ਹੈ। ਭਾਰਤ ਦੀ ਨੈਸ਼ਨਲ ਕਰੱਸ਼ ਰਸ਼ਮਿਕਾ ਮੰਦਾਨਾ ਇਸ ਫ਼ਿਲਮ ਨਾਲ ਹਿੰਦੀ ਫ਼ਿਲਮ ਜਗਤ ‘ਚ ਕਦਮ ਰੱਖਣ ਜਾ ਰਹੀ ਹੈ।