ਭਾਰਤ-ਪਾਕਿ ਵਿਸ਼ਵ ਕੱਪ ਮੈਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਠ-20 ਅੰਤਰਰਾਸ਼ਟਰੀ ਮੈਚ ਬਣਿਆ

ਮੁੰਬਈ – ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ T-20 ਵਿਸ਼ਵ ਕੱਪ ‘ਚ ਖੇਡੇ ਗਏ ਮੈਚ ਨੂੰ ਰਿਕਾਰਡ 16 ਕਰੋੜ 70 ਲੱਖ ਦਰਸ਼ਕਾਂ ਨੇ ਦੇਖਿਆ ਜਿਸ ਨਾਲ ਇਹ ਹੁਣ ਤਕ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ T-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਬਣ ਗਿਆ ਹੈ। ਇਹ ਦਾਅਵਾ ਮੁਕਾਬਲੇ ਦੇ ਅਧਿਕਾਰਿਕ ਪ੍ਰਸਾਰਕ ਨੇ ਕੀਤਾ ਹੈ। ਸਟਾਰ ਇੰਡੀਆ ਦੀ ਰੀਲੀਜ਼ ਅਨੁਸਾਰ ਪਿਛਲੇ ਹਫ਼ਤੇ ਤਕ ਯਾਨੀ ਕੁਆਲੀਫ਼ਾਇਰ ਅਤੇ ਸੁਪਰ 12 ਪੜਾਅ ਦੇ ਸ਼ੁਰੂਆਤੀ 12 ਮੈਚਾਂ ‘ਚ T-20 ਵਿਸ਼ਵ ਕੱਪ ਦੀ ਕੁੱਲ ਪਹੁੰਚ 23 ਕਰੋੜ 80 ਲੱਖ ਦਰਸ਼ਕਾਂ ਤਕ ਸੀ। ਭਾਰਤ ਅਤੇ ਵੈੱਸਟ ਇੰਡੀਜ਼ ਵਿਚਾਲੇ ਖੇਡਿਆ ਗਿਆ 2016 ਦਾ T-20 ਵਿਸ਼ਵ ਕੱਪ ਦਾ ਸੈਮੀਫ਼ਾਈਨਲ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਮੈਚ ਸੀ ਜਿਸ ਨੂੰ 13 ਕਰੋੜ 60 ਲੱਖ ਦਰਸ਼ਕਾਂ ਨੇ ਦੇਖਿਆ।
ਰੀਲੀਜ਼ ਅਨੁਸਾਰ, ”16 ਕਰੋੜ 70 ਲੱਖ ਦਰਸ਼ਕਾਂ ਨਾਲ 24 ਅਕਤੂਬਰ ਨੂੰ ਹੋਇਆ ਭਾਰਤ-ਪਾਕਿਸਤਾਨ ਮੈਚ ਹੁਣ ਸਭ ਤੋਂ ਵੱਧ ਦੇਖਿਆ ਜਾਣ ਵਾਲਾ T-20 ਅੰਤਰਰਾਸ਼ਟਰੀ ਮੈਚ ਹੈ। ਇਸ ਨੇ ਭਾਰਤ ਅਤੇ ਵੈੱਸਟ ਇੰਡੀਜ਼ ਵਿਚਕਾਰ 2016 ਦੇ ICC ਵਿਸ਼ਵ T-20 ਸੈਮੀਫ਼ਾਈਨਲ ਦੇ ਰਿਕਾਰਡ ਨੂੰ ਤੋੜ ਦਿੱਤਾ। ਭਾਰਤ ਅਤੇ ਪਾਕਿਸਤਾਨ ਦੀਆਂ ਵਿਰੋਧੀ ਟੀਮਾਂ ICC ਟੂਰਨਾਮੈਂਟ ‘ਚ ਦੋ ਸਾਲ ਬਾਅਦ ਆਹਮੋ-ਸਾਹਮਣੇ ਸਨ।”ਭਾਰਤ ਅਤੇ ਪਾਕਿਸਤਾਨ ਨੇ 24 ਅਕਤੂਬਰ ਨੂੰ ਇੱਕ ਦੂਜੇ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਿਸ ‘ਚ ਬਾਬਰ ਆਜ਼ਮ ਦੀ ਟੀਮ ਨੇ ਵਿਰਾਟ ਕੋਹਲੀ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ICC T-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ‘ਚ ਥਾਂ ਬਣਾ ਲਈ ਹੈ ਜਦਕਿ ਭਾਰਤ ਗਰੁੱਪ ਪੜਾਅ ‘ਚੋਂ ਹੀ ਬਾਹਰ ਹੋ ਚੁੱਕੈ।