ਚੇਨਈ– ਤਾਮਿਲਨਾਡੂ ਵਿਚ ਹਨੇਰੀ, ਮੀਂਹ ਅਤੇ ਤੂਫਾਨ ਕਾਰਨ ਬੁੱਧਵਾਰ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ। ਭਾਰੀ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਿਚ ਰਾਤ ਤੱਕ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਬੁੱਧਵਾਰ ਸਾਰਾ ਦਿਨ ਬੱਦਲ ‘ਮੌਤ’ ਬਣ ਕੇ ਵਰ੍ਹਦੇ ਰਹੇ। ਕਈ ਦਿਨਾਂ ਤੋਂ ਹੋ ਰਹੀ ਵਰਖਾ ਦਰਮਿਆਨ ਇਸ ਹਫਤੇ ਦੇ ਅੰਤ ਵਿਚ ਤਾਮਿਲਨਾਡੂ ਦੇ ਕਈ ਹਿੱਸਿਆਂ ਵਿਚ ਹੋਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਨੂੰ ਦੇਖਦਿਆਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ 11 ਅਤੇ 12 ਨਵੰਬਰ ਨੂੰ ਸੂਬੇ ਦੇ ਕਈ ਜ਼ਿਲਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਉਪਰ ਹੇਠਲੇ ਦਰਜੇ ਦਬਾਅ ਦਾ ਇਕ ਖੇਤਰ ਵਿਕਸਿਤ ਹੋਇਆ ਹੈ। ਇਸ ਕਾਰਨ ਹੀ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖਤਰੇ ਨੂੰ ਦੇਖਦੇ ਹੋਏ ਐੱਨ. ਡੀ. ਆਰ. ਐੱਫ. ਦੀਆਂ 11 ਟੀਮਾਂ ਨੂੰ ਵੱਖ-ਵੱਖ ਇਲਾਕਿਆਂ ਵਿਚ ਤਾਇਨਾਤ ਕੀਤਾ ਗਿਆ ਹੈ। ਨਾਲ ਹੀ ਤਾਮਿਲਨਾਡੂ ਰਾਜ ਆਫਤ ਰੈਪਿਡ ਫੋਰਸ ਦੀਆਂ 7 ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।