ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1418

ਜਦੋਂ ਚੀਜ਼ਾਂ ਦੀ ਕੋਈ ਅਰਥ ਨਾ ਨਿਕਲ ਰਿਹਾ ਹੋਵੇ ਤਾਂ ਲੋਕ ਉਨ੍ਹਾਂ ਦੇ ਹੋਣ ਬਾਰੇ ਸਿਆਣੇ ਕਾਰਨ ਕਿਉਂ ਲੱਭਣ ਲੱਗ ਜਾਂਦੇ ਹਨ? ਅਵਿਵਸਥਾ ਇੱਕ ਖਰੂਦੀ ਸ਼ਕਤੀ ਹੈ। ਵਿਵਸਥਾ ਕਿਸੇ ਤੂਫ਼ਾਨੀ ਸਾਗਰ ‘ਚ ਇੱਕ ਬੇੜੇ ਵਾਂਗ ਹੈ। ਜਿੰਨਾ ਚਿਰ ਅਸੀਂ ਆਪਣੇ ਸੰਸਾਰ ਦੇ ਕੇਵਲ ਉਸ ਹਿੱਸੇ ਨਾਲ ਹੀ ਤਾਅਲੁਕ ਰੱਖੀਏ ਜਿਹੜਾ ਵਿਵਸਥਿਤ ਜਾਪਦਾ ਹੋਵੇ, ਅਸੀਂ ਉਸ ਸ਼ੂਕਦੇ ਸਮੁੰਦਰ ਨੂੰ ਵੀ ਅਣਗੌਲਿਆਂ ਕਰ ਸਕਦੇ ਹਾਂ। ਪਰ, ਸਿਰਫ਼ ਅਸਪੱਸ਼ਟ ਅਤੇ ਅਣਵਿਆਖੇ ‘ਚੋਂ ਹੀ ਜਾਦੂ, ਕੌਤਕ, ਆਨੰਦ ਅਤੇ ਖ਼ੁਸ਼ੀ ਉਪਜਦੇ ਹਨ। ਸਾਵਧਾਨੀ ਨਾਲ ਯੋਜਨਾਬੱਧ ਕੀਤੀਆਂ ਨਿਯਮਾਵਲੀਆਂ, ਕਾਇਦੇ-ਕਾਨੂੰਨ, ਢਾਂਚੇ, ਆਦਿ ਉਨ੍ਹਾਂ ਨੂੰ ਪੈਦਾ ਨਹੀਂ ਕਰ ਸਕਦੇ। ਜੇਕਰ ਅੱਗੇ ਵਧਣ ਦਾ ਇਸ ਵਕਤ ਕੋਈ ਤਰਕਸ਼ੀਲ ਢੰਗ ਨਹੀਂ, ਆਪਣੇ ਦਿਲ ਦੀ ਸੁਣੋ। ਉਹ ਵੀ ਤਰਕਸ਼ੀਲ ਨਹੀਂ। ਪਰ ਉਹ ਇੱਕ ਸੁਰੱਖਿਅਤ ਮੰਜ਼ਿਲ ਤਕ ਤੁਹਾਡਾ ਮਾਰਗਦਰਸ਼ਨ ਕਰ ਦੇਵੇਗਾ।

ਕੌਣ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੈ? ਕੌਣ ਤੁਹਾਡੇ ਨੇੜੇ ਰਹਿਣਾ ਚਾਹੁੰਦੈ? ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਨੇ? ਕੀ ਹੋ ਸਕਦੈ ਕਿ ਕੋਈ ਅਜਿਹਾ ਸਨੇਹੀ ਪ੍ਰਸ਼ੰਸਕ ਹੋਵੇ ਜਿਹੜਾ ਆਪਣੀਆਂ ਭਾਵਨਾਵਾਂ ਚੁੱਪਚਾਪ ਆਪਣੇ ਮਨ ਅੰਦਰ ਹੀ ਛੁਪਾ ਕੇ ਬੈਠਾ ਹੋਵੇ? ਕੀ ਉਹ ਵਿਅਕਤੀ ਇੰਝ ਦਾ ਵੀ ਹੋ ਸਕਦੈ ਜਿਹੜਾ ਤੁਹਾਨੂੰ ਖ਼ੁਸ਼ ਦੇਖਣ ਲਈ ਕੁਝ ਵੀ ਕਰ ਸਕਦਾ ਹੋਵੇ, ਇੱਥੋਂ ਤਕ ਕਿ ਖ਼ੁਦ ਦਾ ਨੁਕਸਾਨ ਵੀ? ਅਤੇ ਇਹ ਸਭ ਹੋਣ ਦੇ ਬਾਵਜੂਦ, ਤੁਹਾਡੇ ਲਈ, ਜੇ ਉਹ ਇੱਕ ਅਜਿਹਾ ਰਿਸ਼ਤਾ ਨਹੀਂ ਜਿਸ ਬਾਰੇ ਤੁਸੀਂ ਸੋਚ ਵੀ ਸਕਦੇ ਹੋਵੋ ਤਾਂ ਕੀ ਘੱਟੋਘੱਟ ਜੋ ਉਹ ਤੁਹਾਨੂੰ ਦੇਣਾ ਚਾਹੁੰਦੈ, ਉਸ ‘ਚੋਂ ਘੱਟੋਘੱਟ ਥੋੜ੍ਹੇ ਜਿਹੇ ਨੂੰ ਪ੍ਰਵਾਨ ਕਰ ਲੈਣਾ ਠੀਕ ਨਹੀਂ ਹੋਵੇਗਾ? ਇੱਕ ਵਾਰ ਉਸ ਨੂੰ ਮੁੜ ਵਿਚਾਰੋ ਜੋ ਜਾਂ ਜਿਸ ਨੂੰ ਤੁਸੀਂ ਸੋਚਦੇ ਹੋ ਕਿ ਤੁਸੀਂ ਜਾਣਦੇ ਹੋ।

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸੁਪਨਾ ਦੇਖ ਰਹੇ ਹੋ, ਖ਼ੁਦ ਨੂੰ ਚੂੰਢੀ ਵੱਢਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਆਪਣੇ ਹਾਲਾਤ ਨਾਲ ਨਜਿੱਠਣਾ ਔਖਾ ਲੱਗਦਾ ਹੋ ਸਕਦੈ, ਪਰ ਸਵਾਲ ਇਹ ਨਹੀਂ, ”ਕੀ ਉਹ ਅਸਲੀ ਹਨ? ”ਉਹ ਤਾਂ ਇਹ ਹੈ, ”ਕੀ ਤੁਸੀਂ ਉਨ੍ਹਾਂ ਨੂੰ ਪਸੰਦ ਕਰਦੇ ਹੋ? ”ਜੇਕਰ ਨਹੀਂ, ਅਵਿਸ਼ਵਾਸ ‘ਚ ਅੱਖਾਂ ਝਪਕਾਣੀਆਂ ਬੰਦ ਕਰੋ। ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਮੁਕਤੀ ਨਾ ਭਾਲੋ। ਤੁਸੀਂ ਜਾਗ ਸਕਦੇ ਹੋ, ਕੌਫ਼ੀ ਬਣਾਓ, ਉਸ ਨੂੰ ਸੁੰਘੋ … ਅਤੇ ਪੀ ਜਾਓ! ਤੁਸੀਂ ਇੱਕ ਯੋਜਨਾ ਬਣਾ ਕੇ ਉਸ ਦੀ ਪਾਲਣਾ ਕਰ ਸਕਦੇ ਹੋ। ਤੁਸੀਂ ਪ੍ਰਤੀਕਿਰਿਾਵਾਦੀ ਹੋਣ ਦੀ ਬਜਾਏ ਕਿਰਿਆਸ਼ੀਲ ਬਣ ਸਕਦੇ ਹੋ। ਅਤੇ ਜੇਕਰ ਤੁਹਾਨੂੰ ਫ਼ਿਰ ਵੀ ਲੱਗਦਾ ਹੈ ਕਿ ਤੁਸੀਂ ਕਿਸੇ ਸੁਪਨਲੋਕ ‘ਚ ਵਿੱਚਰ ਰਹੇ ਹੋ, ਘੱਟੋਘੱਟ ਤੁਹਾਨੂੰ ਉਹ ਆਨੰਦਮਈ ਤਾਂ ਲੱਗਣਾ ਸ਼ੁਰੂ ਹੋ ਜਾਵੇਗਾ।

ਜਦੋਂ ਮੈਂ ਇੱਕ ਛੋਟਾ ਬੱਚਾ ਸਾਂ, ਜੇਕਰ ਕਿਸੇ ਨੇ ਮੈਨੂੰ ਕਿਹਾ ਹੁੰਦਾ ਕਿ ਇੱਕ ਦਿਨ ਅਸੀਂ ਸਾਰੇ ਆਪਣੇ ਨਾਲ ਜੇਬ੍ਹਾਂ ‘ਚ ਫ਼ੋਨ ਲੈ ਕੇ ਘੁੰਮਾਂਗੇ, ਮੈਂ ਉਸ ਵਿਅਕਤੀ ‘ਤੇ ਹੱਸ ਪਿਆ ਹੁੰਦਾ। ਮੈਂ ਅਜਿਹਾ ਕਿਉਂ ਕਰਨਾ ਚਾਹਾਂਗਾ? ਕੀ ਉਨ੍ਹਾਂ ਦੇ ਕਹਿਣ ਤੋਂ ਮੁਰਾਦ ਇਹ ਸੀ ਕਿ ਮੈਨੂੰ ਆਪਣੇ ਪਿੱਛੇ ਇੱਕ ਲੰਬੀ ਸਾਰੀ ਕੇਬਲ ਘੜੀਸਣੀ ਪਵੇਗੀ? ਤੁਸੀਂ ਸ਼ਾਇਦ ਓਨੇ ਪ੍ਰਾਚੀਨ ਨਾ ਹੋਵੇ ਜਿੰਨਾ ਮੈਂ ਹਾਂ, ਪਰ ਤੁਸੀਂ ਫ਼ਿਰ ਵੀ ਇੱਕ ਅਜਿਹੇ ਸੰਸਾਰ ‘ਚ ਜ਼ਰੂਰ ਵੱਡੇ ਹੋਏ ਹੋ ਜਿੱਥੇ ਨਾਮੁਮਕਿਨ ਚੀਜ਼ਾਂ ਮੁਮਕਿਨ ਹੋਈਆਂ ਹਨ। ਸੋਚੋ, ਕਿਰਪਾ ਕਰ ਕੇ, ਆਪਣੀ ਖ਼ੁਦ ਦੀ ਜ਼ਿੰਦਗੀ ਵਿਚਲੀ ਕਿਸੇ ਅਜਿਹੀ ਚੀਜ਼ ਬਾਰੇ ਜਿਹੜੀ ਇੱਕ ਲੰਬੇ ਅਰਸੇ ਤੋਂ ਤੁਹਾਨੂੰ ਬਹੁਤ ਆਕਰਸ਼ਕ ਪਰ ਅਸੰਭਵ ਲੱਗਦੀ ਰਹੀ ਹੋਵੇ। ਤਬਦੀਲੀ ਦਾ ਵੇਲਾ ਹੁਣ ਸਾਡੇ ‘ਤੇ ਢੁੱਕ ਚੁੱਕਾ ਹੋ ਸਕਦੈ।

ਸਾਰੇ ਵੱਡੇ ਸ਼ਹਿਰਾਂ ‘ਚ ਚੂਹਿਆਂ ਦੀ ਇੱਕ ਵੱਡੀ ਆਬਾਦੀ ਮੌਜੂਦ ਹੁੰਦੀ ਹੈ। ਆਮ ਤੋਰ ‘ਤੇ, ਉਹ ਸਾਡੀਆਂ ਨਜ਼ਰਾਂ ਤੋਂ ਓਹਲੇ ਛੁੱਪ ਕੇ ਰਹਿੰਦੇ ਹਨ, ਪੁਰਾਣੀ ਕਹਾਵਤ ‘ਅੱਖੀਆਂ ਤੋਂ ਦੂਰ, ਦਿਲੋਂ ਦੂਰ’ ਨੂੰ ਸਹੀ ਸਾਬਿਤ ਕਰਦੇ ਹੋਏ। ਫ਼ਿਰ ਕਿਤੇ ਨਾ ਕਿਤੇ, ਉਨ੍ਹਾਂ ‘ਚੋਂ ਇੱਕ-ਅੱਧਾ ਸਾਡੀ ਨਜ਼ਰੀਂ ਪੈ ਜਾਂਦੈ, ਅਤੇ ਸਾਡਾ ਦ੍ਰਿਸ਼ਟੀਕੋਣ ਇਕਦਮ ਬਦਲ ਜਾਂਦੈ। ਅਚਾਨਕ, ਸਾਨੂੰ ਉਨ੍ਹਾਂ ਦੇ ਫ਼ੈਲਣ ਦੀ ਚਿੰਤਾ ਸਤਾਉਣ ਲੱਗਦੀ ਹੈ ਜਿਸ ਵੱਲ ਧਿਆਨ ਦੇਣਾ ਨਿਹਾਇਤ ਜ਼ਰੂਰੀ ਹੋ ਜਾਂਦੈ। ਸਥਿਤੀ, ਅਸਲ ‘ਚ, ਨਾ ਤਾਂ ਉਸ ਤੋਂ ਵੱਧ ਖ਼ਰਾਬ ਜਾਂ ਬਿਹਤਰ ਹੋਈ ਹੈ ਜਦੋਂ ਪਹਿਲੀ ਵਾਰ ਸਾਨੂੰ ਉਨ੍ਹਾਂ ਚੂਹਿਆਂ ਦੀ ਹੋਂਦ ਬਾਰੇ ਪਤਾ ਚੱਲਿਆ ਸੀ। ਪਰ ਜਦੋਂ ਅਸੀਂ ਕਿਸੇ ਸ਼ੈਅ ਬਾਰੇ ਇੱਕ ਵਾਰ ਜਾਣ ਜਾਂਦੇ ਹਾਂ, ਸਾਡੇ ਲਈ ਉਸ ਨੂੰ ਅਣਜਾਣਿਆ ਕਰਨਾ ਬਹੁਤ ਮੁਸ਼ਕਿਲ ਹੋ ਜਾਂਦੈ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਇੱਕ ਅਜਿਹੀ ਸਮੱਸਿਆ ਬਣ ਜਾਵੇ ਜਿਹੜੀ ਸਾਡੀ ਸਾਰੀ ਸ਼ਕਤੀ ਹੀ ਖਾ ਜਾਵੇ, ਕਿ ਨਹੀਂ?