ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਉਭਰਦੇ ਹੋਏ ਖਿਡਾਰੀ ਲੋਕੇਸ਼ ਕੁਮਾਰ ਨੂੰ ਤਿੰਨ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ਦੇ ਜਰੀਏ ਲੋਕੇਸ਼ ਦੀ ਆਰਥਿਕ ਸਮੱਸਿਆਵਾਂ ਦਾ ਪਤਾ ਲੱਗਿਆ ਸੀ। ਕੇਜਰੀਵਾਲ ਨੇ ਭਰੋਸਾ ਦਿਵਾਇਆ ਕਿ ਪੈਸੇ ਦੀ ਘਾਟ ਨੂੰ ਪ੍ਰਤੀਭਾ ਨੂੰ ਨਿਖਾਰਣ ਦੇ ਰਸਤੇ ‘ਚ ਰੋੜਾ ਨਹੀਂ ਬਣਨ ਦਿੱਤਾ ਜਾਵੇਗਾ ਤੇ ਦਿੱਲੀ ਸਰਕਾਰ 15 ਸਾਲ ਦੇ ਲੋਕੇਸ਼ ਦੇ ਨਾਲ ਹੈ ਤੇ ਉਸਦਾ ਸਮਰਥਨ ਜਾਰੀ ਰੱਖੇਗੀ।
ਕੇਜਰੀਵਾਲ ਨੇ ਹਿੰਦੀ ਵਿਚ ਟਵੀਟ ਕੀਤਾ ‘ਦੋ ਦਿਨ ਪਹਿਲਾਂ ਲੋਕੇਸ਼ ਦੇ ਬਾਰੇ ਵਿਚ ਪਤਾ ਚੱਲਿਆ’। ਅੱਜ ਮੈਂ ਲੋਕੇਸ਼ ਨਾਲ ਮਿਲ ਕੇ ਤਿੰਨ ਲੱਖ ਰੁਪਏ ਦੀ ਸਹਾਇਤਾ ਦਾ ਚੈੱਕ ਸੌਂਪਿਆ। ਪ੍ਰਤੀਭਾ ਦੇ ਸਾਹਮਣੇ ਪੈਸੇ ਦੀ ਘਾਟ ਨਹੀਂ ਆਉਣ ਦੇਣਗੇ। ਭਵਿੱਖ ਦੇ ਲਈ ਲੋਕੇਸ਼ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਖੂਬ ਮਿਹਨਤ ਕਰੋ ਤੇ ਦੇਸ਼ ਦਾ ਨਾਂ ਰੋਸ਼ਨ ਕਰੋ। ਰਿਕਸ਼ਾ ਚਾਲਕ ਦੇ ਬੇਟੇ ਲੋਕੇਸ਼ ਆਰ. ਕੇ. ਪੁਰਮ ਦੇ ਸੈਕਟਰ-2 ਦੇ ਸਰਵੋਦਿਆ ਸਹਿ-ਵਿਦਿਅਕ ਸਕੂਲ ਦੇ 10ਵੀਂ ਕਲਾਸ ਦੇ ਵਿਦਿਆਰਥੀ ਹਨ। ਲੋਕੇਸ਼ ਅੰਡਰ-16 ਵਰਗ ਦੀ 100 ਮੀਟਰ, 300 ਮੀਟਰ ਤੇ 400 ਮੀਟਰ ਵਿਅਕਤੀਗਤ ਦੌੜ ‘ਚ ਲਗਾਤਾਰ ਤਮਗੇ ਜਿੱਤਦਾ ਰਿਹਾ ਹੈ। ਦਿੱਲੀ ਸਰਕਾਰ ਦੇ ਬਿਆਨ ਦੇ ਅਨੁਸਾਰ ਹਾਲ ਹੀ ‘ਚ ਖਤਮ ਹੋਈ ਦਿੱਲੀ ਸਟੇਟ ਮੁਕਾਬਲੇ ਦੇ ਅੰਡਰ-16 ਵਰਗ ਦੀ 100 ਮੀਟਰ ਮੁਕਾਬਲੇ ਵਿਚ ਉਸ ਨੇ ਚਾਂਦੀ ਤਮਗਾ ਜਿੱਤਿਆ ਸੀ।