ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਅਤੇ ਪ੍ਰੈਸੀਡੈਂਟਸ ਕੱਪ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਤਮਗਾ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਰਬੀਆ ਦੇ ਬੇਲਗ੍ਰੇਡ ’ਚ ਹਾਲ ਹੀ ’ਚ ਸੰਪੰਨ ਹੋਏ ਅੰਡਰ-23 ਵਿਸ਼ਵ ਕੁਸ਼ਤੀ ਮੁਕਾਬਲੇ ’ਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 5 ਤਮਗੇ ਜਿੱਤੇ। ਸਾਲ 2017 ’ਚ ਸ਼ੁਰੂ ਹੋਏ ਇਸ ਮੁਕਾਬਲੇ ’ਚ ਇਹ ਭਾਰਤ ਦਾ ਹੁਣ ਤੱਕ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ।
ਪ੍ਰਧਾਨ ਮੰਤਰੀ ਨੇ ਇਕ ਟਵੀਟ ’ਚ ਕਿਹਾ,‘‘ਬੇਲਗ੍ਰੇਡ ’ਚ ਕੁਸ਼ਤੀ ਮੁਕਾਬਲੇ ’ਚ ਤਮਗਾ ਜਿੱਤਣ ਵਾਲੀ ਸ਼ਿਵਾਨੀ, ਅੰਜੂ, ਦਿਵਿਆ, ਰਾਧਿਕਾ ਅਤੇ ਨਿਸ਼ਾ ਨੂੰ ਵਧਾਈਆਂ। ਉਨ੍ਹਾਂ ਦਾ ਪ੍ਰਦਰਸ਼ਨ ਵਿਸ਼ੇਸ਼ ਹੈ ਅਤੇ ਇਸ ਨਾਲ ਦੇਸ਼ ’ਚ ਕੁਸ਼ਤੀ ਨੂੰ ਹੋਰ ਲੋਕਪ੍ਰਿਯਤਾ ਮਿਲੇਗੀ।’’ ਪ੍ਰੇਸੀਡੈਂਟਸ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਮੋਦੀ ਨੇ ਟਵੀਟ ਕੀਤਾ,‘‘ਆਈ.ਐੱਸ.ਐੱਸ.ਐੱਫ. ਪ੍ਰੇਸੀਡੈਂਟਸ ਕੱਪ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਤਮਗਾ ਜਿੱਤਣ ’ਤੇ ਮਨੂੰ ਭਾਕਰ, ਰਾਹੀ ਸਰਨੋਬਤ, ਸੌਰਭ ਚੌਧਰੀ ਅਤੇ ਅਭਿਸ਼ੇਕ ਵਰਮਾ ਨੂੰ ਵਧਾਈਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ। ਭਵਿੱਖ ਲਈ ਸ਼ੁੱਭਕਾਮਨਾਵਾਂ।’’