ਚੰਡੀਗੜ੍ਹ : ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਦਿਆਂ ਤੰਜ ਕੱਸਿਆ ਹੈ। ਦਰਅਸਲ ਰਾਜਾ ਵੜਿੰਗ ਨੇ ਟਵਿੱਟ ਕਰਦੇ ਹੋਏ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੁਸੀਂ ਨਾ ਘਰ ਦੇ ਰਹੇ ਹੋ ਨਾ ਘਾਟ ਦੇ। ਇਸ ਟਵੀਟ ਦੇ ਨਾਲ ਵੜਿੰਗ ਨੇ ਇਕ ਹਿੰਦੀ ਅਖ਼ਬਾਰ ’ਚ ਛਪੀ ਖ਼ਬਰ ਵਿਚ ਸਾਂਝੀ ਕੀਤੀ ਹੈ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ ਦੱਸਦਿਆਂ ਆਖਿਆ ਗਿਆ ਹੈ ਕਿ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਚੋੜ ਲੜੇਗੀ।
ਦਰਅਸਲ ਭਾਜਪਾ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੀ ਹੈ। ਭਾਜਪਾ ਦੇ ਇਸ ਐਲਾਨ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਲੱਗੇ ਝਟਕੇ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ, ਕਿਉਂਕਿ ਕੈਪਟਨ ਚੋਣਾਂ ਵਿਚ ਭਾਜਪਾ ਨਾਲ ਗਠਜੋੜ ਦੇ ਸੰਕੇਤ ਦੇ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦਾ ਛੱਡਣ ਤੋਂ ਬਾਅਦ ਇਕ ਮਹੀਨੇ ਤੱਕ ਲਗਾਤਾਰ ਬੇਇੱਜ਼ਤੀ ਕੀਤੇ ਜਾਣ ਦਾ ਹਵਲਾ ਦਿੰਦਿਆਂ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਸੀ ਅਤੇ ਇਕ ਨਵੀਂ ਸਿਆਸੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਈ ਸੀ। ਕੈਪਟਨ ਨੇ ਵਾਰ-ਵਾਰ ਭਾਜਪਾ ਨਾਲ ਗਠਜੋੜ ਕਰਕੇ ਚੋਣ ਲੜਨ ਦਾ ਸੰਕੇਤ ਦਿੱਤਾ ਸੀ। ਹਾਲਾਂਕਿ ਉਨ੍ਹਾਂ ਇਹ ਵੀ ਆਖਿਆ ਸੀ ਕਿ ਇਹ ਸਮਝੌਤਾ ਤਾਂ ਹੀ ਹੋਵੇਗਾ ਜੇਕਰ ਕਿਸਾਨੀ ਮਸਲੇ ਦਾ ਕੋਈ ਹੱਲ ਨਿਕਲਦਾ ਹੈ।
ਇਸ ਤੋਂ ਪਹਿਲਾਂ ਵੀ ਕੈਪਟਨ ’ਤੇ ਤਿੱਖੇ ਹਮਲੇ ਬੋਲ ਚੁੱਕੇ ਹਨ ਵੜਿੰਗ
ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਲੋਂ ਕੈਪਟਨ ਅਮਰਿੰਦਰ ਸਿੰਘ ’ਤੇ ਇਹ ਕੋਈ ਪਹਿਲਾ ਹਮਲਾ ਨਹੀਂ ਕੀਤਾ ਗਿਆ ਹੈ, ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ’ਚੋਂ ਅਸਤੀਫ਼ਾ ਦੇ ਕੇ ਵੱਖਰੀ ਪਾਰਟੀ ਬਣਾਈ ਗਈ ਹੈ, ਉਦੋਂ ਤੋਂ ਹੀ ਵੜਿੰਗ ਵਲੋਂ ਕੈਪਟਨ ਨੂੰ ਲੰਮੇ ਹੱਥੀਂ ਲਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਵੜਿੰਗ ਨੇ ਕੈਪਟਨ ਨੂੰ ਇਹ ਤੱਕ ਆਖ ਦਿੱਤਾ ਸੀ ਕਿ ਹੁਣ ਤੁਸੀਂ (ਕੈਪਟਨ ਅਮਰਿੰਦਰ ਸਿੰਘ) ਰਿਟਾਇਰਮੈਂਟ ਲੈ ਕੇ ਘਰ ਬੈਠ ਜਾਓ ਅਤੇ ਸਾਡੇ ਨਾਲ ਪੰਗੇ ਨਾ ਲਵੋ। ਵੜਿੰਗ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਮੁੱਖ ਮੰਤਰੀ ਰਹਿੰਦਿਆਂ ਕੋਈ ਕੰਮ ਨਹੀਂ ਕੀਤਾ ਸਗੋਂ ਬਾਦਲਾ ਅਤੇ ਭਾਜਪਾ ਨਾਲ ਮਿਲੀ ਭੁਗਤ ਕਰਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਹੈ।