ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਪੰਜਾਬ ਸਰਕਾਰ ਵੱਲੋਂ ਤੇਜ਼ੀ ਨਾਲ ਲਏ ਜਾ ਰਹੇ ਲੋਕ-ਹਿਤੈਸ਼ੀ ਫੈਸਲਿਆਂ ਨਾਲ ਉਨ੍ਹਾਂ ਦੀ ਪਾਰਟੀ ਦੇ ਅੰਦਰ ਅਤੇ ਬਾਹਰ ਵਿਰੋਧੀਆਂ ’ਚ ਹੜਕੰਪ ਮੱਚ ਗਿਆ ਹੈ। ਕਿਸੇ ਨੇ ਵੀ ਚੰਨੀ ਤੋਂ ਇਹ ਉਮੀਦ ਨਹੀਂ ਲਗਾਈ ਸੀ ਕਿ ਉਹ ਇੰਨੀ ਤੇਜ਼ੀ ਨਾਲ ਜਨਤਾ ਨਾਲ ਜੁੜੇ ਹੋਏ ਮਸਲਿਆਂ ਦਾ ਹੱਲ ਕਰਨਗੇ ਅਤੇ ਖੁਦ ਨੂੰ ਜਨਤਾ ਦੇ ਸੇਵਕ ਦੇ ਰੂਪ ’ਚ ਆਪਣੇ ਅਕਸ ਨੂੰ ਪੇਸ਼ ਕਰਨ ’ਚ ਕਾਮਯਾਬ ਹੋਣਗੇ। ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਪਹਿਲੇ ਦਿਨ ਤੋਂ ਤੇਜ਼ੀ ਨਾਲ ਸਰਕਾਰੀ ਫੈਸਲੇ ਲੈਣੇ ਸ਼ੁਰੂ ਕੀਤੇ। ਚੰਨੀ ਨੇ ਨਾ ਸਿਰਫ ਹਰ ਹਫ਼ਤੇ ਕੈਬਨਿਟ ਦੀਆਂ ਮੀਟਿੰਗਾਂ ਸੱਦ ਕੇ ਸਰਕਾਰੀ ਫੈਸਲਿਆਂ ’ਤੇ ਮੋਹਰ ਲਗਾਈ ਹੈ, ਸਗੋਂ ਉਨ੍ਹਾਂ ਨੇ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੇ ਚੋਣ ਮੁੱਦਿਆਂ ਨੂੰ ਵੀ ਖੋਹ ਕੇ ਖ਼ਤਮ ਕਰ ਦਿੱਤਾ ਹੈ।
ਕੱਲ ਜਿਸ ਤਰ੍ਹਾਂ ਚੰਨੀ ਸਰਕਾਰ ਨੇ ਪੈਟਰੋਲ ਦੇ ਮੁੱਲ 10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੇ ਮੁੱਲ 5 ਰੁਪਏ ਪ੍ਰਤੀ ਲਿਟਰ ਘੱਟ ਕੀਤੇ ਹਨ ਉਸ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ। ਜਨਤਾ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਚੰਨੀ ਸਰਕਾਰ ਵੱਲੋਂ ਕੀਮਤਾਂ ’ਚ ਇੰਨੀ ਜ਼ਿਆਦਾ ਕਮੀ ਲਿਆਂਦੀ ਜਾਵੇਗੀ। ਸਾਰੇ ਇਹੀ ਉਮੀਦ ਕਰ ਰਹੇ ਸਨ ਕਿ ਚੰਨੀ ਸਰਕਾਰ ਵੱਲੋਂ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ’ਚ 2 ਤੋਂ 4 ਰੁਪਏ ਪ੍ਰਤੀ ਲਿਟਰ ਦੀ ਹੀ ਕਮੀ ਕੀਤੀ ਜਾਵੇਗੀ। ਇੰਨੀ ਕਟੌਤੀ ਤਾਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਮੇਂ ਦੀ ਅਹਿਮੀਅਤ ਪਤਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਕੋਲ ਦਸੰਬਰ ਅੰਤ ਤੱਕ ਦਾ ਸਮਾਂ ਹੈ, ਕਿਉਂਕਿ ਜਨਵਰੀ ਦੇ ਸ਼ੁਰੂ ’ਚ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਸੂਬੇ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਸ ਨੂੰ ਧਿਆਨ ’ਚ ਰੱਖਦੇ ਹੋਏ ਹੀ ਮੁੱਖ ਮੰਤਰੀ ਦਿਨ-ਰਾਤ ਮਿਹਨਤ ਕਰਨ ’ਚ ਲੱਗੇ ਹੋਏ ਹਨ। ਮੁੱਖ ਮੰਤਰੀ ਨੂੰ ਇਹ ਵੀ ਪਤਾ ਹੈ ਕਿ ਆਪਣੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨੂੰ ਬਹੁਤ ਘੱਟ ਸਮਾਂ ਮਿਲਿਆ ਹੈ ਅਤੇ ਜੇਕਰ ਉਹ ਜਨਤਾ ਦੇ ਵਿਚਾਲੇ ਆਪਣਾ ਨਾਂ ਬਣਾਉਣ ’ਚ ਕਾਮਯਾਬ ਹੁੰਦੇ ਹਨ ਤਾਂ ਕਾਂਗਰਸ ਹਾਈਕਮਾਨ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਕ ਵਾਰ ਫਿਰ ਤੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਜਾ ਸਕਦਾ ਹੈ।
ਚੰਨੀ ਨੂੰ ਹਾਲਾਂਕਿ ਪੈਰ-ਪੈਰ ’ਤੇ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਸਖਤ ਚੁਣੌਤੀਆਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਬੁਲੰਦ ਹੌਸਲੇ ਨਾਲ ਜਨਤਾ ਨਾਲ ਜੁੜੇ ਮਸਲਿਆਂ ਦਾ ਹੱਲ ਕਰਨ ’ਚ ਲੱਗੇ ਹੋਏ ਹਨ। ਮੁੱਖ ਮੰਤਰੀ ਦੇ ਨਜ਼ਦੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੰਨੀ ਜਿਸ ਰਫ਼ਤਾਰ ਨਾਲ ਕੰਮ ਕਰ ਰਹੇ ਹਨ ਉਸ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਉਹ ਇਕ ਸਾਲ ਦੇ ਮਸਲਿਆਂ ਦਾ ਹੱਲ ਸਿਰਫ 2 ਮਹੀਨਿਆਂ ’ਚ ਆਪਣੀ ਸਰਕਾਰ ਦੇ ਕਾਰਜਕਾਲ ’ਚ ਕਰਨਾ ਚਾਹੁੰਦੇ ਹਨ। ਪਾਰਟੀ ਦੇ ਅੰਦਰ ਦੇ ਕਈ ਉੱਚ ਨੇਤਾ ਚੰਨੀ ਦੀ ਕਾਰਗੁਜ਼ਾਰੀ ’ਤੇ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵੀ ਪਤਾ ਹੈ ਕਿ ਜੇਕਰ ਚੰਨੀ ਕਾਮਯਾਬ ਹੋ ਗਏ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਨਾਮੁਕਿਨ ਹੋ ਜਾਵੇਗਾ, ਇਸ ਲਈ ਪਾਰਟੀ ਦੇ ਅੰਦਰ ਅਤੇ ਬਾਹਰ ਦੀਆਂ ਚੁਣੌਤੀਆਂ ਨਾਲ ਚੰਨੀ ਨੂੰ ਰੂ-ਬ-ਰੂ ਹੋਣਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਬੁਲੰਦ ਹੌਸਲੇ ਨਾਲ ਡਟੇ ਹੋਏ ਹਨ। ਪਿਛਲੇ ਸਮੇਂ ’ਚ ਉਨ੍ਹਾਂ ਨੇ ਬਿਜਲੀ ਦੇ ਬਿੱਲਾਂ ’ਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, ਵਪਾਰੀਆਂ ਦੇ ਵੈਟ ਦੇ ਮਸਲਿਆਂ ਦਾ ਹੱਲ ਕਰਨਾ, ਗਰੀਬਾਂ ਦੇ ਬਕਾਇਆ ਬਿੱਲਾਂ ਨੂੰ ਮੁਆਫ ਕਰਨਾ ਅਤੇ ਹੁਣ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਘਟਾ ਕੇ ਉਨ੍ਹਾਂ ਨੇ ਜਨਤਾ ਦਾ ਭਰੋਸਾ ਜਿੱਤਣ ’ਚ ਕਾਮਯਾਬੀ ਹਾਸਲ ਕੀਤੀ ਹੈ।