ਠਾਣੇ — ਮਹਾਰਾਸ਼ਟਰ ’ਚ ਠਾਣੇ ਨਗਰ ਨਿਗਮ (ਟੀ. ਐੱਮ. ਸੀ.) ਨੇ ਕੋਵਿਡ-19 ਰੋਕੂ ਟੀਕਿਆਂ ਦੀ ਇਕ ਵੀ ਖ਼ੁਰਾਕ ਨਾ ਲੈਣ ਵਾਲੇ ਆਪਣੇ ਕਾਮਿਆਂ ਨੂੰ ਤਨਖ਼ਾਹ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਟੀ. ਐੱਮ. ਸੀ. ਦੇ ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਇਕ ਬੈਠਕ ’ਚ ਇਹ ਫ਼ੈਸਲਾ ਕੀਤਾ। ਬੈਠਕ ਵਿਚ ਨਗਰ ਨਿਗਮ ਕਮਿਸ਼ਨਰ ਡਾ. ਵਿਪਿਨ ਸ਼ਰਮਾ ਅਤੇ ਠਾਣੇ ਦੇ ਮੇਅਰ ਨਰੇਸ਼ ਮਹਾਸਕੇ ਵੀ ਮੌਜੂਦ ਸਨ। ਟੀ. ਐੱਮ. ਸੀ. ਵਲੋਂ ਸੋਮਵਾਰ ਦੇਰ ਰਾਤ ਜਾਰੀ ਕੀਤੀ ਗਈ ਅਧਿਕਾਰਤ ਪ੍ਰੈੱਸ ਜਾਣਕਾਰੀ ਮੁਤਾਬਕ ਨਗਰ ਬਾਡੀਜ਼ ਦੇ ਜਿੰਨੇ ਵੀ ਕਾਮਿਆਂ ਨੇ ਟੀਕੇ ਦੀ ਪਹਿਲੀ ਖ਼ੁਰਾਕ ਵੀ ਨਹੀਂ ਲਈ ਹੈ, ਉਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੂਜੀ ਖ਼ੁਰਾਕ ਲੈਣ ਦੇ ਪਾਤਰ ਹੋਣ ਦੇ ਬਾਵਜੂਦ ਟੀਕਾ ਨਾ ਲਗਵਾਉਣ ਵਾਲੇ ਕਾਮਿਆਂ ਨੂੰ ਵੀ ਤਨਖ਼ਾਹ ਨਹੀਂ ਦਿੱਤੀ ਜਾਵੇਗੀ।
ਟੀ. ਐੱਮ. ਸੀ. ਨੇ ਸਾਰੇ ਨਗਰ ਨਿਗਮ ਕਾਮਿਆਂ ਲਈ ਟੀਕਾਕਰਨ ਸਰਟੀਫ਼ਿਕੇਟ ਆਪਣੇ ਸਬੰਧਤ ਦਫ਼ਤਰਾਂ ’ਚ ਜਮਾਂ ਕਰਨਾ ਵੀ ਜ਼ਰੂਰੀ ਕਰ ਦਿੱਤਾ ਹੈ। ਮੇਅਰ ਮਹਾਸਕੇ ਨੇ ਕਿਹਾ ਕਿ ਸ਼ਹਿਰ ’ਚ ਇਸ ਮਹੀਨੇ ਦੇ ਅਖ਼ੀਰ ਤੱਕ 100 ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਇਹ ਕਦਮ ਚੁੱਕੇ ਗਏ ਹਨ। 100 ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਮੰਗਲਵਾਰ ਨੂੰ ਵਿਆਪਕ ਟੀਕਾਕਰਨ ਮੁਹਿੰਮ ਚਲਾਈ ਗਈ ਹੈ।
ਮੇਅਰ ਨੇ ਇਸ ਟੀਚੇ ਨੂੰ ਹਾਸਲ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਇਸ ਮੁਹਿੰਮ ਤਹਿਤ ‘ਹਰ ਘਰ ਦਸਤਕ’ ਪ੍ਰੋਗਰਾਮ ਵੀ ਚਲਾਇਆ ਜਾਵੇਗਾ, ਜਿਸ ’ਚ ਸਿਹਤ ਕਾਮੇ, ਆਸ਼ਾ ਵਰਕਰ ਅਤੇ ਨਰਸਾਂ ਘਰ-ਘਰ ਜਾ ਕੇ ਲੋਕਾਂ ਨੂੰ ਟੀਕੇ ਲਾਉਣਗੇ। ਅਧਿਕਾਰਤ ਅੰਕੜਿਆਂ ਮੁਤਾਬਕ ਐਤਵਾਰ ਨੂੰ ਠਾਣੇ ਵਿਚ ਕੋਰੋਨਾ ਦੇ 118 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਵਾਇਰਸ ਦੇ ਮਾਮਲੇ ਵੱਧ ਕੇ 5,66,749 ਹੋ ਗਏ ਸਨ ਅਤੇ ਇਕ ਹੋਰ ਵਿਅਕਤੀ ਦੀ ਵਾਇਰਸ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ 11,543 ਹੋ ਗਈ ਸੀ।