ਕਨੂੰਰ- ਕੇਰਲ ’ਚ ਕਨੂੰਰ ਜ਼ਿਲ੍ਹੇ ਨੇੜੇ ਇਕ ਕਲਾ ਅਤੇ ਵਿਗਿਆਨ ਕਾਲਜ ’ਚ 6 ਵਿਦਿਆਰਥੀਆਂ ਨੂੰ ਇਕ ਜੂਨੀਅਰ ਵਿਦਿਆਰਥੀ ਦੀ ਰੈਗਿੰਗ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਨੂੰਰ ਨੇੜੇ ਨਾਹੇਰ ਕਲਾ ਅਤੇ ਵਿਗਿਆਨ ਕਾਲਜ ਦੇ ਦੂਜੇ ਸਾਲ ਦੇ ਵਿਦਿਆਰਥੀ ਅਨਸ਼ਦ ਦੀ 5 ਨਵੰਬਰ ਨੂੰ ਉਸ ਦੇ ਸੀਨੀਅਰ ਵਿਦਿਆਰਥੀਆਂ ਨੇ ਰੈਗਿੰਗ ਕੀਤੀ। ਅਨਸ਼ਦ ਨੇ ਦੱਸਿਆ ਕਿ ਦੋਸ਼ੀ ਵਿਦਿਆਰਥੀ ਸੀ.ਸੀ.ਟੀ.ਵੀ. ਕੈਮਰੇ ਤੋਂ ਬਚਣ ਲਈ ਉਸ ਨੂੰ ਕਾਲਜ ਦੇ ਟਾਇਲਟ ’ਚ ਲੈ ਗਏ ਅਤੇ ਉਦੋਂ ਤੱਕ ਉਸ ਨੂੰ ਮਾਰਿਆ, ਜਦੋਂ ਤੱਕ ਕਿ ਉਹ ਬੇਹੋਸ਼ ਨਹੀਂ ਹੋ ਗਿਆ। ਕੁਝ ਘੰਟਿਆਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਪੁਲਸ ਅਧਿਕਾਰੀ ਅਨੁਸਾਰ, ਅਨਸ਼ਦ ਨੇ ਦੋਸ਼ ਲਗਾਇਆ ਕਿ ਉਸ ਨੂੰ ਵਿਦਿਆਰਥੀਆਂ ਨਾਲ ਗੱਲ ਕਰਨ ਕਰ ਕੇ ਤੰਗ ਕੀਤਾ ਗਿਆ। ਨਾਲ ਹੀ ਸੀਨੀਅਰ ਵਿਦਿਆਰਥੀ ਇਸ ਲਈ ਉਸ ਤੋਂ ਨਾਰਾਜ਼ ਸਨ, ਕਿਉਂਕਿ ਉਸ ਨੇ ਉਨ੍ਹਾਂ ਦੀ ਪੈਸਿਆਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਕਾਲਜ ਅਧਿਕਾਰੀਆਂ ਨੇ ਦੱਸਿਆ ਕਿ ਰੈਗਿੰਗ ਦੀ ਘਟਨਾ ’ਚ ਸ਼ਾਮਲ ਵਿਦਿਆਰਥੀਆਂ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।