ਡੇਰਾ ਬਾਬਾ ਨਾਨਕ – ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਣ ਦੇ 2 ਸਾਲ ਮੁਕੰਮਲ ਹੋ ਜਾਣ ਮੌਕੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਆਰਜੀ ਦਰਸ਼ਨ ਸਥੱਲ ’ਤੇ ਪਹੁੰਚੇ। ਪਾਕਿਸਤਾਨ ਵਿਖੇ ਸਥਿਤ ਅਤੇ ਇਸ ਸਰਹੱਦ ਤੋਂ ਥੋੜੀ ਦੂਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਦੀਦਾਰ ਕਰਦਿਆਂ ਨਵਜੋਤ ਸਿੱਧੂ ਨੇ ਕੋਰੋਨਾ ਕਾਲ ਦੌਰਾਨ ਅਪ੍ਰੈਲ 2020 ਤੋਂ ਬੰਦ ਪਏ ਕੋਰੀਡੋਰ ਨੂੰ ਮੁੜ ਤੋਂ ਖੋਲ੍ਹਣ ਲਈ ਅਰਦਾਸ ਕੀਤੀ ਤਾਂ ਜੋ ਸੰਗਤਾਂ ਆਪਣੇ ਤੋਂ ਵਿਛੜੇ ਗੁਰਧਾਮ ਦੇ ਮੁੜ ਤੋਂ ਦਰਸ਼ਨ ਦੀਦਾਰ ਕਰ ਸਕਣ।
ਤੁਹਾਨੂੰ ਦੱਸ ਦਈਏ ਕਿ 9 ਨਵੰਬਰ 2019 ਨੂੰ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਵਲੋਂ ਰਸਮੀ ਤੌਰ ’ਤੇ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਿਆ ਗਿਆ ਸੀ, ਜਿਸ ਨੂੰ ਕੋਰੋਨਾ ਮਹਾਮਾਰੀ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ ਸੀ, ਜੋ ਅੱਜ ਤੱਕ ਬੰਦ ਹੈ। ਭਾਂਵੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅਤੇ ਧਾਰਮਿਕ ਜਥੇਬੰਦੀਆਂ ਕੋਰੋਨਾ ਘਟਣ ਕਾਰਨ ਇਸ ਕੋਰੀਡੋਰ ਨੂੰ ਮੁੜ ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਸਮੇਂ-ਸਮੇਂ ਸਿਰ ਅਪੀਲਾਂ ਕਰਦੀ ਆ ਰਹੀ ਹੈ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਇਸ ਕੋਰੀਡੋਰ ਨੂੰ ਖੋਲ੍ਹਣ ਲਈ ਕਿਸੇ ਤਰਾਂ ਦੀ ਕੋਈ ਦਿਲਚਸਪੀ ਨਹੀਂ ਵਿਖਾਈ।
ਦੂਸਰੇ ਪਾਸੇ ਇਸ ਕੋਰੀਡੋਰ ਨੂੰ ਖੋਲ੍ਹਣ ਲਈ ਰੱਖੀ ਆਨਲਾਈਨ ਅਤੇ ਪਾਸਪੋਰਟ ਦੀ ਸ਼ਰਤ ਕਾਰਨ ਵੀ ਇਹ ਕੋਰੀਡੋਰ ਖੁੱਲ੍ਹਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਸਨ। ਇਸ ਦੇ ਚਲਦਿਆਂ ਸੰਗਤਾਂ ਧੁੱਸੀ ਬੰਨ ’ਤੇ ਬਣੇ ਆਰਜੀ ਕਰਤਾਰਪੁਰ ਦਰਸ਼ਨ ਸਥੱਲ ਤੋਂ ਦੂਰਬੀਨ ਰਾਹੀਂ ਦੂਰੋਂ ਦਰਸ਼ਨ ਦੀਦਾਰ ਕਰਕੇ ਵਾਪਸ ਪਰਤ ਜਾਂਦੀਆਂ ਸਨ। ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਸਾਥੀਆਂ ਨਾਲ ਭਾਰਤ ਪਾਕਿ ਕੋਮਾਂਤਰੀ ਸਰਹੱਦ ’ਤੇ ਪਹੁੰਚ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਦੀ ਮਿਲੀ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ’ਤੇ ਖੇਤੀ ਸ਼ੁਰੂ ਕਰਕੇ ਕਿਰਤ ਦਾ ਸੁਨੇਹਾ ਦਿੱਤਾ ਸੀ ਪਰ ਅੱਜ ਕਿਸਾਨ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਆਪਣੀ ਹੋਂਦ ਬਚਾਉਣ ਦੀਆਂ ਕੋਸ਼ਿਸਾਂ ਕਰਦਿਆਂ ਅੱਜ ਕਿਸਾਨ ਸੜਕਾਂ ’ਤੇ ਹਨ। ਅਤੇ 600 ਤੋਂ ਵੱਧ ਕਿਸਾਨ ਇਸ ਅੰਦੋਲਨ ਵਿਚ ਆਪਣਾ ਬਲੀਦਾਨ ਦੇ ਚੁੱਕੇ ਹਨ, ਉਨ੍ਹਾਂ ਦੀ ਇੱਜਤ ਦੀ ਬਹਾਲੀ ਹੋਣੀ ਚਾਹੀਦੀ ਹੈ। ਇਹ ਕਾਲੇ ਕਾਨੂੰਨ ਖ਼ਤਮ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਸਮਾਜਿਕ ਸੰਸਘਰਸ਼ ਆਰਥਿਕ ਸੰਘਰਸ਼ ਵਿਚ ਬਦਲਣਾ ਚਾਹਿਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਖੇਤੀ ਨੂੰ ਉਤਮ ਦਰਜਾ ਦੇ ਕੇ ਗਏ ਅਤੇ ਲੋਕਾਂ ਨੂੰ ਖੇਤੀਬਾੜੀ ਨਾਲ ਜੋੜ ਕੇ ਗਏ ਅਤੇ ਅੱਜ ਕਿਸਾਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਾਡੀਆਂ ਨਸਾਂ ਵਿਚ ਲਹੂ ਹੈ, ਊਨ੍ਹਾਂ ਚਿਰ ਇਹ ਕਾਨੂੰਨ ਲਾਗੂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਇਹ ਅਸੀਂ ਵਿਧਾਨ ਸਭਾ ਵਿਚ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਜਾ ਰਹੇ ਹਾਂ ਅਤੇ ਸਾਡੇ ਜਿਉਂਦੇ ਜੀ ਇਹ ਕਾਨੂੰਨ ਲਾਗੂ ਨਹੀਂ ਲਾਗੂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਵਾਹਿਗੁਰੂ ਕ੍ਰਿਪਾ ਕਰਨ ਅਤੇ ਇਨ੍ਹਾਂ ਕਾਨੂੰਨਾਂ ਦਾ ਸਮੇਂ ਸਿਰ ਹੱਲ ਨਿਕਲੇ ਅਤੇ ਅੰਨਦਾਤਾ ਦੀ ਇੱਜ਼ਤ ਦੀ ਬਹਾਲੀ ਹੋਵੇ।