ਨਵੀਂ ਦਿੱਲੀ – ਕਾਂਗਰਸ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ’ਤੇ ਲੋਕਾਂ ਨੂੰ ‘ਆਤਮਘਾਤੀ ਨਿਰਾਸਤਾ’ ਤੋਂ ਗ੍ਰਸਤ ਹੋਣ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਅਤੇ ਇਸ ਦੇ ਨਾਲ ਹੀ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2014 ਤੋਂ ਹੁਣ ਤੱਕ ਕੁੱਲ 9.52 ਲੱਖ ਲੋਕ ਖ਼ੁਦਕੁਸ਼ੀ ਕਰ ਚੁੱਕੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਕ ਬਿਆਨ ’ਚ ਕਿਹਾ ਕਿ ਰਿਪੋਰਟ ਅਨੁਸਾਰ ਆਤਮਹੱਤਿਆ ਕਰਨ ਵਾਲੇ ਵਿੱਦਿਆਰਥੀਆਂ ਦੀ ਗਿਣਤੀ ’ਚ 55 ਫੀਸਦੀ, ਬੇਰੁਜ਼ਗਾਰਾਂ ਦੀ ਗਿਣਤੀ ’ਚ 58 ਫੀਸਦੀ ਅਤੇ ਕਿਸਾਨਾਂ, ਮਜ਼ਦੂਰਾਂ ਤੇ ਦਿਹਾੜੀਦਾਰ ਮਜ਼ਦੂਰਾਂ ਦੀ ਗਿਣਤੀ ’ਚ 139.37 ਫੀਸਦੀ ਦਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ 2014 ਤੋਂ 2020 ਵਿਚਾਲੇ ਪਿਛਲੇ 7 ਸਾਲਾਂ ਦੌਰਾਨ ਮੋਦੀ ਸਰਕਾਰ ਦੀ ਨਾਕਾਮ ਅਤੇ ਸੰਵੇਦਨਹੀਣ ਨੀਤੀਆਂ ਨਾਲ 9,52,875 ਭਾਰਤੀ ਆਤਮਹੱਤਿਆ ਕਰਨ ਲਈ ਮਜ਼ਬੂਰ ਹੋਏ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਆਪਣੀਆਂ ਨਾਕਾਮ ਜਨ-ਵਿਰੋਧੀ ਨੀਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ’ਚ ਲੋਕਾਂ ਵਿਚਾਲੇ ਵੰਡ, ਨਾਂਹ-ਪੱਖੀ, ਨਿਰਾਸ਼ਾ ਨੂੰ ਉਤਸ਼ਾਹਿਤ ਕਰ ਰਹੀ ਹੈ। ਸੁਰਜੇਵਾਲਾ ਨੇ ਕਿਹਾ ਕਿ ਇੰਨੇ ਖ਼ਰਾਬ ਅੰਕੜਿਆਂ ਦੇ ਬਾਵਜੂਦ ਸੱਤਾ ਦੇ ਪ੍ਰਤੀ ਭਾਜਪਾ ਦੀ ‘ਲਾਲਸਾ’ ਬਣੀ ਹੋਈ ਹੈ।