ਫ਼ਿਰੋਜ਼ਪੁਰ – ਪੰਜਾਬ ਵਿੱਚ ਡੀ.ਏ.ਪੀ. ਖਾਦ ਦੀ ਭਾਰੀ ਕਿੱਲਤ ਅਤੇ ਬਲੈਕ ਵਿੱਚ ਵਿਕ ਰਹੀ ਖਾਦ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀ.ਸੀ. ਦਫ਼ਤਰ ਫਿਰੋਜ਼ਪੁਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਰੋਹਿਤ ਕੁਮਾਰ ਮੋਂਟੂ ਵੋਹਰਾ, ਦਿਹਾਤੀ ਹਲਕੇ ਦੇ ਮੁੱਖ ਸੇਵਾਦਾਰ ਜੋਗਿੰਦਰ ਸਿੰਘ ਜਿੰਦੂ ਪ੍ਰਧਾਨ, ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਵਰਦੇਵ ਸਿੰਘ ਨੋਨੀ ਮਾਨ ਅਤੇ ਜ਼ੀਰਾ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਹੇਠ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਵੀ ਫੂਕਿਆ ਗਿਆ।
ਇਸ ਮੌਕੇ ਅਕਾਲੀ ਨੇਤਾਵਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਡੀ.ਏ.ਪੀ. ਖਾਦ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਸੁਸਾਇਟੀਆਂ ਨੂੰ ਡੀ.ਏ.ਪੀ. ਖਾਦ ਸਪਲਾਈ ਨਹੀਂ ਕੀਤੀ ਗਈ ਅਤੇ ਕਿਸਾਨ ਮਜਬੂਰ ਹੋ ਕੇ ਬਲੈਕ ਵਿਚ ਖਾਦ ਖਰੀਦ ਰਹੇ ਹਨ। ਅਕਾਲੀ ਨੇਤਾਵਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੇ ਨਾਲ-ਨਾਲ ਜ਼ਬਰਦਸਤੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜੋ ਕਿਸਾਨ ਖ਼ਰੀਦਣਾ ਨਹੀਂ ਚਾਹੁੰਦੇ।
ਸਾਰੇ ਹਲਕਾ ਇੰਚਾਰਜਾਂ ਨੇ ਇਸ ਮੌਕੇ ਕਿਹਾ ਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਸਾਰੇ ਕਿਸਾਨਾਂ ਨੂੰ ਤੁਰੰਤ ਡੀ.ਏ.ਪੀ. ਖਾਦ ਚਾਹੀਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਸਸਤੀ ਸ਼ੋਹਰਤ ਹਾਸਿਲ ਕਰਨ ਲਈ ਝੂਠੀ ਬਿਆਨਬਾਜ਼ੀ ਕਰਕੇ ਪੰਜਾਬੀ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਇਸ ਮੌਕੇ ਅਕਾਲੀ ਨੇਤਾਵਾਂ ਨੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਵੀ ਸੌਂਪਿਆ।