ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਦੀ ਆਬੋ-ਹਵਾ ਬੇਹੱਦ ਜ਼ਹਿਰੀਲੀ ਹੋ ਚੁੱਕੀ ਹੈ। ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ ਪਹੁੰਚ ਗਈ ਹੈ। ਹਵਾ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਲੈਵਲ) 533 ਪੱਧਰ ’ਤੇ ਹੈ। ਇਹ ਜਾਣਕਾਰੀ ਹਵਾ ਗੁਣਵੱਤਾ ਅਤੇ ਮੌਸਮ ਪੂਰਵ ਅਨੁਮਾਨ ਅਤੇ ਖੋਜ ਪ੍ਰਣਾਲੀ ਵਲੋਂ ਜਾਰੀ ਕੀਤੀ ਗਈ। ਸਾਹ ਦੇ ਮਰੀਜ਼ਾਂ ਲਈ ਇਹ ਹਵਾ ਕਿਸੇ ਜ਼ਹਿਰ ਤੋਂ ਘੱਟ ਨਹੀਂ ਹੈ। ਪਾਬੰਦੀ ਦੇ ਬਾਵਜੂਦ ਵੀਰਵਾਰ ਨੂੰ ਦੀਵਾਲੀ ਦੇ ਮੌਕੇ ਖੂਬ ਪਟਾਕੇ ਚੱਲਣ ਅਤੇ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧੇ ਦੀ ਵਜ੍ਹਾ ਨਾਲ ਦਿੱਲੀ ’ਚ ਹਵਾ ਗੁਣਵੱਤਾ ਪਿਛਲੇ 5 ਸਾਲਾਂ ’ਚ ਸਭ ਤੋਂ ਖਰਾਬ ਪੱਧਰ ’ਤੇ ਪਹੁੰਚ ਗਈ ਹੈ।
ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਨੇ ਸੰਭਾਵਨਾ ਜ਼ਾਹਰ ਕੀਤੀ ਸੀ ਕਿ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿਚ ਦਿੱਲੀ ਦੀ ਹਵਾ ਬੇਹੱਦ ਖਰਾਬ ਰਹੇਗੀ। ਮੌਸਮ ਵਿਭਾਗ ਨੇ ਕਿਹਾ ਸੀ ਕਿ ਦਿੱਲੀ ਦੀ ਏਅਰ ਕੁਆਲਿਟੀ 4 ਨਵੰਬਰ ਤੱਕ ਬੇਹੱਦ ਖਰਾਬ ਰਹਿ ਸਕਦੀ ਹੈ। ਇਸ ਤੋਂ ਬਾਅਦ 5 ਅਤੇ 6 ਨਵੰਬਰ ਨੂੰ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਹੈ। ਪਿ੍ਰਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਪੂਰਵ ਅਨੁਮਾਨ ਏਜੰਸੀ ‘ਸਫਰ’ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਵਜ੍ਹਾ ਨਾਲ ਸ਼ੁੱਕਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ’ਚ ਪੀਐੱਮ-2.5 ਦਾ ਯੋਗਦਾਨ 36 ਫ਼ੀਸਦੀ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ।
ਦੱਸਣਯੋਗ ਹੈ ਕਿ 0 ਤੋਂ 50 ਦਰਮਿਆਨ ਹਵਾ ਗੁਣਵੱਤਾ ਨੂੰ ਚੰਗਾ, 51 ਤੋਂ 100 ਦਰਮਿਆਨ ਨੂੰ ਤਸੱਲੀਬਖਸ਼, 101 ਤੋਂ 200 ਦਰਮਿਆਨ ਨੂੰ ਦਰਮਿਆਨਾ, 201 ਤੋਂ 300 ਦਰਮਿਆਨ ਨੂੰ ਖਰਾਬ, 301 ਤੋਂ 400 ਦਰਮਿਆਨ ਨੂੰ ਬਹੁਤ ਖਰਾਬ ਅਤੇ 401 ਤੋਂ 500 ਦੇ ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ।