ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਵਾਰ ਦੀਵਾਲੀ ਨਹੀਂ ਮਨਾਈ। ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਇੰਸਟਾਗ੍ਰਾਮ ’ਤੇ ‘ਨੋ ਦੀਵਾਲੀ ਫਾਰ ਅੱਸ’ ਦਾ ਸੁਨੇਹਾ ਦਿੱਤਾ। ਸੂਤਰਾਂ ਮੁਤਾਬਕ ਨਵਜੋਤ ਸਿੱਧੂ ਸ਼ੁੱਕਰਵਾਰ ਨੂੰ ਪੂਰਾ ਦਿਨ ਪਰਿਵਾਰ ਨਾਲ ਹੀ ਰਹੇ ਪਰ ਨਾ ਤਾਂ ਉਨ੍ਹਾਂ ਆਪਣੇ ਘਰ ਨੂੰ ਸਜਾਇਆ ਅਤੇ ਨਾ ਹੀ ਦੀਵਾਲੀ ਮਨਾਈ। ਨਵਜੋਤ ਸਿੱਧੂ ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਕੇਦਾਰਨਾਥ ਦੇ ਦਰਸ਼ਨ ਕਰਕੇ ਅੰਮ੍ਰਿਤਸਰ ਪਰਤੇ ਸਨ। ਬੁੱਧਵਾਰ ਉਹ ਆਪਣੇ ਹਲਕੇ ਵਿਚ ਵੀ ਗਏ ਅਤੇ ਕਰੋੜਾਂ ਰਪੁਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।
ਵੀਰਵਾਰ ਦੀਵਾਲੀ ਮੌਕੇ ਉਹ ਸਾਰਾ ਦਿਨ ਆਪਣੇ ਘਰ ’ਚ ਰਹੇ ਅਤੇ ਪਰਿਵਾਰ ਨਾਲ ਸਮਾਂ ਗੁਜ਼ਾਰਿਆ। ਇਸ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਲੋਕ ਜਿੱਥੇ ਆਤਿਸ਼ਬਾਜ਼ੀ ਕਰ ਰਹੇ ਸਨ, ਉਥੇ ਹੀ ਉਨ੍ਹਾਂ ਦਾ ਘਰ ਸ਼ਾਂਤ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਨੇ ਇੰਸਟਾਗ੍ਰਾਮ ’ਤੇ ਸਟੇਟਸ ਪਾਇਆ ਅਤੇ ਲਿਖਿਆ No Diwali For Us। ਰਾਬੀਆ ਨੇ ਲਿਖਿਆ ਕਿ ਸਾਡੇ ਵਲੋਂ ਕੋਈ ਵੀ ਦੀਵਾਲੀ ਨਹੀਂ ਮਨਾਏਗਾ। ਸਾਡੇ ਕਿਸਾਨ ਲੜ ਰਹੇ ਹਨ, ਸਾਡੇ ਲਈ ਇਹ ਦੀਵਾਲੀ ਨਹੀਂ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਸਿੱਧੂ ਪਰਿਵਾਰ ਵਿਚ ਰਾਬੀਆ ਹੀ ਸੀ, ਜਿਸ ਨੇ ਅੰਮ੍ਰਿਤਸਰ ਸਥਿਤ ਆਪਣੇ ਘਰ ’ਤੇ ਕਿਸਾਨਾਂ ਦੇ ਸਮਰਥਨ ਵਿਚ ਕਾਲਾ ਝੰਡਾ ਲਗਾਇਆ ਸੀ।