ਦੇਹਰਾਦੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਕੇਦਾਰਨਾਥ ਦੀ ਯਾਤਰਾ ‘ਤੇ ਜਾਣਗੇ ਅਤੇ ਉੱਥੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕਰਨਗੇ। ਇਸ ਦੇ ਨਾਲ ਹੀ ਉਥੇ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਹੈ। ਕੇਦਾਰਨਾਥ ਵਿੱਚ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਦਾ ਨਿਰਮਾਣ ਕੰਮ 2019 ਵਿੱਚ ਸ਼ੁਰੂ ਹੋਇਆ ਸੀ। ਇਹ ਮੂਰਤੀ 12 ਫੁੱਟ ਉੱਚੀ ਅਤੇ 35 ਟਨ ਭਾਰੀ ਹੈ। ਪ੍ਰਧਾਨ ਮੰਤਰੀ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਗੰਗਾ ਦੀ ਸਹਿਯੋਗੀ ਮੰਦਾਕਿਨੀ ਨਦੀ ਦੇ ਕਿਨਾਰੇ ਸਥਿਤ ਆਪਣੀ ਤੀਰਥ ਯਾਤਰਾ ਦੌਰਾਨ ਸ਼ੰਕਰਾਚਾਰੀਆ ਦੀ ਸਮਾਧੀ ਦਾ ਉਦਘਾਟਨ ਵੀ ਕਰਨਗੇ। ਸਾਲ 2013 ਵਿੱਚ ਆਈ ਆਫਤ ਤੋਂ ਬਾਅਦ ਨਸ਼ਟ ਹੋਈ ਸ਼ੰਕਰਾਚਾਰੀਆ ਦੀ ਸਮਾਧੀ ਦਾ ਮੁੜ ਨਿਰਮਾਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕੁੱਝ ਹੋਰ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ ਅਤੇ 400 ਕਰੋੜ ਰੁਪਏ ਦੀ ਲਾਗਤ ਵਾਲੀ ਕੇਦਾਰਪੁਰੀ ਮੁੜ ਨਿਰਮਾਣ ਯੋਜਨਾ ਦੀ ਨੀਂਹ ਰੱਖਣਗੇ।