ਕੰਵਰ ਸੰਦੀਪ ਸਿੰਘ
ਜਿੱਥੇ ਇੱਕ ਪਾਸੇ ਕੈਨੇਡਾ ਅਤੇ ਅਮਰੀਕਾ ‘ਚ ਐਥਨਿਕ ਪ੍ਰਿੰਟ ਮੀਡੀਆ ਅਤੇ ਹਫ਼ਤਾਵਰੀ ਅਖ਼ਬਾਰਾਂ ਦੀ ਗਿਣਤੀ ਘਟੀ ਹੈ ਅਤੇ ਇਸ ਹੱਥਲੇ ਅਖ਼ਬਾਰ ਸਮੇਤ ਇੱਕ ਅੱਧ ਹੋਰ ਨੂੰ ਛੱਡ ਕੇ ਬਾਕੀ ਦੇ ਸਾਰੇ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਦੇ ਅਖ਼ਬਾਰ ਲਗਭਗ ਅਲੋਪ ਹੀ ਹੋ ਗਏ ਹਨ, ਉੱਥੇ IPTV ਦੇ ਛੋਟੇ ਜਿਹੇ ਬੌਕਸ ਨੇ ਸਥਾਨਕ ਭਾਰਤੀ ਮੀਡੀਆ ਲਈ ਇੱਕ ਨਵੇਂ ਅਵਤਾਰ ਦਾ ਰੂਪ ਧਾਰਣ ਕਰ ਲਿਆ ਹੈ। ਕੋਵਿਡ-19 ਮਹਾਂਮਾਰੀ ਦੀ ਮਾਰ ਪੈਣ ਤੋਂ ਪਹਿਲਾਂ ਉੱਤਰੀ ਅਮਰੀਕਾ ਤੋਂ ਦਰਜਨਾਂ ਦੇ ਹਿਸਾਬ ਨਾਲ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਦੇ ਅਖ਼ਬਾਰ ਪਾਠਕਾਂ ਦੇ ਘਰਾਂ ਦੀ ਜ਼ੀਨਤ ਬਣਦੇ ਸਨ, ਪਰ ਕੋਰੋਨਾਵਾਇਰਸ ਨੇ ਉਨ੍ਹਾਂ ਸਭ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਦੌਰਾਨ ਇਲੈਕਟ੍ਰੌਨਿਕ ਮੀਡੀਆ – ਖ਼ਾਸ ਤੌਰ ‘ਤੇ ਪੰਜਾਬੀ ਟੈਲੀਵਿਯਨ ਚੈਨਲਾਂ, ਪ੍ਰੋਗਰਾਮਾਂ ਅਤੇ ਟੌਕ ਸ਼ੌਅ ਹੋਸਟਸ – ਦੀ ਮਕਬੂਲੀਅਤ ਸਤਵੇਂ ਆਮਾਨ ਨੂੰ ਛੂਹਣ ਲੱਗੀ। ਜਦੋਂ ਕੋਵਿਡ ਦੌਰਾਨ ਸਭ ਕੁਝ ਬੰਦ ਸੀ ਤਾਂ ਇਹ TV ਹੋਸਟਸ ਘਰਾਂ ‘ਚ ਬੈਠੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਸਨ।
ਇਸ ਦੌਰਾਨ ਅਜੀਤ ਵੀਕਲੀ ਵਲੋਂ ਆਪਣੇ ਪਾਠਕਾਂ ਦਰਮਿਆਨ ਫ਼ੋਨ ‘ਤੇ ਕੀਤੇ ਗਏ ਇੱਕ ਸਰਵੇਖਣ ‘ਚ ਇੱਕ ਮਹੱਤਵਪੂਰਨ ਤੱਥ ਸਾਹਮਣੇ ਆਇਆ ਹੈ ਅਤੇ ਉਹ ਇਹ ਕਿ ਸਥਾਨਕ ਭਾਰਤੀ ਇਲੈਕਟ੍ਰੌਨਿਕ ਮੀਡੀਆ ਹੋਸਟ, ਜਿਹੜੇ ਕੈਨੇਡੀਅਨ ਮੀਡੀਆ ਰੈਗੂਲੇਟਰੀ ਏਜੰਸੀ CRTC ਦੀ ਆਚਾਰ ਸੰਹਿਤਾ ਅਧੀਨ ਨਹੀਂ ਆਉਂਦੇ, ਕਾਫ਼ੀ ਹੱਦ ਤਕ ਆਪ ਮੁਹਾਰੇ ਹੋ ਚੁੱਕੇ ਨੇ ਅਤੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਆਪਣੀ ਮਸ਼ਹੂਰੀ ਖ਼ਾਤਿਰ ਆਪਣੇ ਟੌਕ ਸ਼ੌਜ਼ ‘ਤੇ ਆਮ ਜਨਤਾ ਨੂੰ ਸ਼ਿਕਾਰ ਬਣਾਉਂਦੇ ਨੇ। ਜਾਂ ਘੱਟੋਘੱਟ ਉਨ੍ਹਾਂ ਲੋਕਾਂ, ਜਿਨ੍ਹਾਂ ਨੂੰ GTA ਦੇ ਇਸ ਅਤਿਅੰਤ ਪ੍ਰਭਾਵਸ਼ਾਲੀ ਪਰ ਗ਼ੈਰਜ਼ਿੰਮੇਵਾਰ ਪੰਜਾਬੀ ਇਲੈਕਟ੍ਰੌਨਿਕ ਮੀਡੀਆ ਦੇ ਸ਼ੌਸ਼ਣ ਦਾ ਸ਼ਿਕਾਰ ਹੋਣ ਪਿਆ ਹੈ, ਦੀ ਧਾਰਣਾ ਇਹੋ ਹੈ।
ਤੁਸੀਂ ਸਥਾਨਕ ਪੰਜਾਬੀ ਮੀਡੀਆ ‘ਤੇ ਅਕਸਰ ਅਜਿਹੀਆਂ ਬੇਅੰਤ ਕਹਾਣੀਆਂ ਸੁਣੀਆਂ ਅਤੇ ਦੇਖੀਆਂ ਹੋਣਗੀਆਂ ਜਿੱਥੇ ਆਮ ਲੋਕਾਂ ਦੇ ਨਿੱਜੀ ਪੋਤੜੇ ਫ਼ਰੋਲ ਕੇ ਉਨ੍ਹਾਂ ਦਾ ਜਨਤਕ ਮਜ਼ਾਕ ਬਣਾਇਆ ਜਾਂਦਾ ਹੈ। ਅਜਿਹੀਆਂ ਕਹਾਣੀਆਂ ‘ਚ ਹਮੇਸ਼ਾ ਦੋ ਜਾਂ ਉਸ ਤੋਂ ਵੱਧ ਧਿਰਾਂ ਹੁੰਦੀਆਂ ਹਨ, ਅਤੇ ਸ਼ੌਅ ‘ਚ ਕਾਲ ਕਰਨ ਵਾਲੇ ਸ੍ਰੋਤੇ, ਦਰਸ਼ਕ ਅਤੇ ਹੋਸਟ ਜੱਜ ਬਣ ਕੇ ਆਪੋ ਆਪਣੇ ਫ਼ੈਸਲੇ ਸੁਣਾਉਂਦੇ ਹਨ। ਫ਼ਿਰ ਕਈ ਵਾਰ ਜਦੋਂ ਗੱਲ ਹੱਦੋਂ ਟੱਪ ਜਾਂਦੀ ਹੈ ਤਾਂ ਹੋਸਟ ਅਤੇ ਉਨ੍ਹਾਂ ਦੇ ਸ਼ੌਅ ‘ਤੇ ਪਧਾਰਨ ਵਾਲੇ ਕਥਿਤ ਪੀੜਤਾਂ ਦਰਮਿਆਨ ਸ਼ਾਬਦਿਕ ਜੰਗ ਆਰੰਭ ਹੋ ਜਾਂਦੀ ਹੈ। GTA ਦੇ ਕੁਝ ਸਥਾਨਕ ਪੰਜਾਬੀ ਹੋਸਟਾਂ ਵਲੋਂ ਅਜਿਹੇ ਮੀਡੀਆ ਟਰਾਇਲ ਕਰਨੇ ਪੰਜਾਬੀ ਮੀਡੀਆ ‘ਚ ਉਭਰ ਰਿਹਾ ਇੱਕ ਅਤਿਅੰਤ ਅਫ਼ਸੋਸਨਾਕ ਰੁਝਾਨ ਹੈ। ਅਜਿਹੇ ਮੀਡੀਆ ਟਰਾਇਲ ਖ਼ੁਦਕੁਸ਼ੀਆਂ ਦਾ ਕਾਰਨ ਵੀ ਬਣ ਸਕਦੇ ਹਨ ਜਿਸ ਨੂੰ ਨੱਥ ਪਾਉਣੀ ਲਾਜ਼ਮੀ ਹੈ।
ਇੱਥੇ ਅਸੀਂ ਤੁਹਾਨੂੰ ਇੱਕ 26 ਸਾਲਾ ਲਾੜੀ ਦੀ ਉਦਾਹਰਣ ਦੇ ਸਕਦੇ ਹਾਂ ਜਿਹੜੀ ਆਪਣੇ ਪਤੀ ਵਲੋਂ ਸਪੌਂਸਰ ਕੀਤੇ ਜਾਣ ਤੋਂ ਬਾਅਦ ਇਸ ਸਾਲ ਦੇ ਸ਼ੁਰੂ ‘ਚ 15 ਫ਼ਰਵਰੀ 2021 ਨੂੰ ਟੋਰੌਂਟੋ ਪੁੱਜੀ ਸੀ। ਆਪਣੀ ਆਮਦ ਦੇ ਕੁਝ ਹੀ ਹਫ਼ਤਿਆਂ ਬਾਅਦ ਉਹ ਆਪਣੇ ਪਤੀ ਵਲੋਂ ਕਥਿਤ ਤੌਰ ‘ਤੇ ਕੀਤੇ ਜਾਂਦੇ ਅੱਤਿਆਚਾਰਾਂ ਕਾਰਨ ਉਸ ਤੋਂ ਅਲਹਿਦਾ ਹੋ ਗਈ। ਪਤਨੀ ਵਲੋਂ ਠੁਕਰਾਇਆ ਪਤੀ ਇਹ ਕਹਿੰਦਾ ਹੋਇਆ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ ਕੋਲ ਪਹੁੰਚ ਗਿਆ ਕਿ ਉਸ ਦੀ ਪਤਨੀ ਨੇ ਕੇਵਲ ਕੈਨੇਡਾ ਆਉਣ ਖ਼ਾਤਿਰ ਉਸ ਨਾਲ ਵਿਆਹ ਰਚਾਇਆ ਸੀ। ਜਦੋਂ ਸਥਾਨਕ ਪੰਜਾਬੀ ਇਲੈਕਟ੍ਰੌਨਿਕ ਮੀਡੀਆ ਨੂੰ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਪਤੀ ਦਾ ਸਾਥ ਦਿੱਤਾ। ਇੱਕ ਸਥਾਨਕ ਮੀਡੀਆ ਹੋਸਟ ਨੇ ਤਾਂ ਕਈ ਹਫ਼ਤੇ ਉਸ ਲਾੜੀ ਨੂੰ ਬੇਸ਼ਰਮ, ਫ਼ਰੌਡ ਅਤੇ ਪਤਾ ਨਹੀਂ ਹੋਰ ਕੀ ਕੀ ਕਹਿ ਕੇ ਭੰਡਿਆ। ਉਸ ਮੀਡੀਆ ਵਾਲੇ ਨੇ ਆਪਣੇ ਯੂ-ਟਿਯੂਬ, ਫ਼ੇਸਬੁੱਕ ਅਤੇ ਇਨਸਟਾਗ੍ਰੈਮ ਪੇਜਾਂ ‘ਤੇ ਉਸ ਲਾੜੀ ਦੀਆਂ ਤਸਵੀਰਾਂ ਤਕ ਪੋਸਟ ਕਰ ਦਿੱਤੀਆਂ।
ਉਹ ਟੌਕ ਸੌਅ ਹੋਸਟ ਉਸ ਲੜਕੀ ਨੂੰ ਡੀਪੋਰਟ ਕਰਾਉਣ ਦੀਆਂ ਧਮਕੀਆਂ ਤਕ ਦਿੰਦਾ ਰਿਹਾ। ਪੰਜਾਬੀ ਹੋਸਟਾਂ ਅਤੇ ਪੀੜਤਾਂ ਦਰਮਿਆਨ ਸ਼ਬਦਾਂ ਦੀ ਜੰਗ ਕੋਈ ਨਵੀਂ ਗੱਲ ਨਹੀਂ ਜੋ ਕਿ ਆਪਣੇ ਆਪ ‘ਚ ਮੰਦਭਾਗੀ ਹੈ। ਹੋਸਟਾਂ ਵਲੋਂ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਵੀ ਆਮ ਹੈ, ਅਤੇ ਉਹ ਆਪਣੇ ਰੁਤਬੇ ਦਾ ਇਸਤੇਮਾਲ ਕਰ ਕੇ ਆਮ ਦਰਸ਼ਕਾਂ-ਸ੍ਰੋਤਿਆਂ ਦਾ ਮੀਡੀਆ ਟਰਾਇਲ ਕਰਦੇ ਹਨ। ”ਉਹ ਬਿਲਕੁਲ ਇੱਕ ਪਬਲਿਕ ਮੀਡੀਆ ਟਰਾਇਲ ਦੇ ਬਰਾਬਰ ਸੀ,” ਕਹਿਣਾ ਸੀ ਸਾਊਥ-ਈਸਟ ਏਸ਼ੀਅਨ ਲੀਗਲ ਕਲਿਨਿਕ ਦੀ ਡਾਇਰੈਕਟਰ ਲੀਸਾ ਕੂਨਰ ਦਾ। ਕੂਨਰ ਨੇ ਦੱਸਿਆ ਕਿ ਉਸ ਨੌਜਵਾਨ ਲਾੜੀ ਨਾਲ ਮੀਡੀਆ ਨੇ ਕਦੇ ਸੰਪਰਕ ਤਕ ਵੀ ਨਹੀਂ ਕੀਤਾ ਅਤੇ ਉਹ ਇੰਨੀ ਡਰ ਚੁੱਕੀ ਸੀ ਕਿ ਉਸ ਨੇ ਆਪਣੇ ਘਰੋਂ ਬਾਹਰ ਨਿਕਲਣੋਂ ਵੀ ਇਨਕਾਰ ਕਰ ਦਿੱਤਾ। ”ਇਸ ਕੇਸ ‘ਚ ਮੀਡੀਆ ਖ਼ੁਦ ਹੀ ਜੱਜ ਅਤੇ ਜਿਊਰੀ ਬਣ ਗਿਆ ਸੀ,” ਕੂਨਰ ਦਾ ਵਿਚਾਰ ਸੀ।
ਪੰਜਾਬੀ ਇਲੈਕਟ੍ਰੌਨਿਕ ਮੀਡੀਆ, ਜਿਨ੍ਹਾਂ ‘ਚੋਂ ਬਹੁਤੇ ਮਿਸੀਸਾਗਾ ਅਤੇ ਬਰੈਂਪਟਨ ‘ਚ ਸਥਿਤ ਹਨ ਪਰ IPTV ਬੌਕਸ ਰਾਹੀਂ ਉਨ੍ਹਾਂ ਦੀ ਪਹੁੰਚ ਵਿਸ਼ਵ ਭਰ ‘ਚ ਹੈ, ‘ਤੇ ਸਥਾਨਕ ਏਜੰਸੀਆਂ ਦੀ ਵੀ ਤਿੱਖੀ ਨਿਗਾਹ ਹੈ, ਖ਼ਾਸਕਰ ਹਾਲ ਹੀ ‘ਚ ਪ੍ਰਦਰਸ਼ਿਤ ਕੀਤੇ ਗਏ ਤਥਾਕਥਿਤ ਫ਼ਰੌਡ ਵਿਆਹਾਂ ਦੇ ਕੇਸਾਂ ਕਾਰਨ ਜਿਨ੍ਹਾਂ ਦੀ ਚਰਚਾ ਪੰਜਾਬੀ ਭਾਈਚਾਰੇ ਅੰਦਰ ਅੱਜਕੱਲ੍ਹ ਅਰੁੱਕ ਚੱਲਦੀ ਰਹਿੰਦੀ ਹੈ। ਸਮਾਜਕ ਕਾਰਕੁਨ ਅਤੇ ਇਨ੍ਹਾਂ ਮੀਡੀਆਕਾਰਾਂ ਦੇ ਸਤਾਏ ਹੋਏ ਲੋਕ ਅਜਿਹੀ ਗ਼ੈਰਜ਼ਿੰਮੇਵਾਰ ਰੀਪੋਰਟਿੰਗ, ਅਤੇ ਪੀੜਤਾਂ ਨਾਲ ਕੀਤੇ ਜਾਂਦੇ ਦੁਰਵਿਹਾਰ ਦੀ ਲਗਾਤਾਰ ਆਲੋਚਨਾ ਕਰਦੇ ਰਹਿੰਦੇ ਹਨ। ਕੂਨਰ ਦਾ ਵੀ ਮੰਨਣਾ ਹੈ ਕਿ ਅਜਿਹੇ ਰੁਝਾਨ ਨੂੰ ਠੱਲ ਪਾਉਣ ਦੀ ਲੋੜ ਹੈ।
ਇਸੇ ਦੌਰਾਨ ਇਲੈਕਟ੍ਰੌਨਿਕ ਪੰਜਾਬੀ ਮੀਡੀਆ ‘ਚ ਇੱਕ ਹੋਰ ਰੁਝਾਨ ਬਹੁਤ ਪ੍ਰਚਲਿਤ ਹੋ ਰਿਹਾ ਹੈ, ਅਤੇ ਉਹ ਹੈ ਕੋਈ ਨਾ ਕੋਈ ਵਿਸ਼ਾ ਲੈ ਕੇ ਫ਼ੰਡ ਰੇਜ਼ਿੰਗ ਕਰਨ ਦਾ। ਇਸ ਢੰਗ ਨਾਲ ਇਕੱਤਰ ਕੀਤੇ ਗਏ ਫ਼ੰਡਾਂ ਦਾ ਕੋਈ ਸਹੀ ਟ੍ਰੈਕ ਨਹੀਂ ਮਿਲਦਾ ਅਤੇ ਕਦੇ ਕਿਸੇ ਹਸਪਤਾਲ, ਕਿਸੇ ਪੀੜਤ ਵਿਅਕਤੀ ਜਾਂ ਪਰਿਵਾਰ ਜਾਂ ਇੱਥੋਂ ਤਕ ਕਿ ਪੰਜਾਬ ‘ਚ ਹੋ ਰਹੇ ਕਿਸਾਨੀ ਅੰਦੋਲਨ ਆਦਿ ਲਈ ਇੰਝ ਇਕੱਤਰ ਕੀਤਾ ਜਾਂਦਾ ਫ਼ੰਡ ਇਹ ਮੀਡੀਆ ਵਾਲੇ ਆਪਣੇ ਜਾਂ ਆਪਣੇ ਸਹਾਇਕਾਂ ਦੇ ਨਿੱਜੀ ਨਾਮਾਂ ‘ਤੇ ਮੰਗਵਾਉਂਦੇ ਹਨ ਅਤੇ ਫ਼ਿਰ ਦੋ-ਚਾਰ ਵਿਅਕਤੀਆਂ ਨੂੰ ਪੈਸੇ ਦਿੱਤੇ ਜਾਂਦੇ ਦਿਖਾ ਕੇ ਬਾਕੀ ਦੇ ਕਰੋੜਾਂ ਖ਼ੁਦ ਹਜ਼ਮ ਕਰ ਲਏ ਜਾਂਦੇ ਹਨ। ਕੈਨੇਡੀਅਨ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਅਜਿਹੀ ਫ਼ੰਡ ਰੇਜ਼ਿੰਗ ਕਰਨ ਵਾਲੇ ਰੇਡੀਓ ਅਤੇ TV ਹੋਸਟਾਂ ਨੂੰ ਕਾਨੂੰਨੀ ਤੌਰ ‘ਤੇ ਜਵਾਬਦੇਹ ਬਣਾਇਆ ਜਾ ਸਕੇ। ਅਜਿਹੀ ਫ਼ੰਡ ਰੇਜ਼ਿੰਗ ਸਰਾਸਰ ਗ਼ੈਰਕਾਨੂੰਨੀ ਹੈ ਅਤੇ CRA ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਇੰਝ ਇਕੱਤਰ ਕੀਤਾ ਪੈਸਾ ਆਖ਼ਿਰ ਜਾਂਦਾ ਕਿੱਥੇ ਹੈ।
ਪੰਜਾਬੀ ਭਾਈਚਾਰੇ ‘ਚ ਲੋਕ ਅਕਸਰ ਖੁਲ੍ਹ ਕੇ ਕੁਝ ਟੌਕ ਸੌਅ ਹੋਸਟਾਂ ਦੇ ਗ਼ੁਸਤਾਖ਼ ਰਵੱਈਏ ਅਤੇ ਨਿੰਦਾਤਮਕ ਕੌਮੈਂਟਾਂ ਦੀ ਸ਼ਿਕਾਇਤ ਕਰਦੇ ਹਨ ਪਰ ਅਦਾਰਿਆਂ ਨੂੰ ਸ਼ਿਕਾਇਤ ਬਹੁਤ ਹੀ ਘੱਟ ਹੁੰਦੀ ਹੈ। ਟੋਰੌਂਟੋ ਦਾ ਇੱਕ ਹੋਸਟ ਤਾਂ ਲੋਕਾਂ ਨੂੰ ਆਪਣੇ ਸ਼ੋਅ ‘ਤੇ ਸ਼ੱਟਅੱਪ ਤਕ ਕਹਿ ਦਿੰਦਾ ਹੈ, ਅਤੇ ਇਸ ਤੋਂ ਇਲਾਵਾ ਉਹ ਪੰਜਾਬੀ ਦੀ ਹਲਕੀ ਫ਼ੁਲਕੀ ਗਾਲ੍ਹ ਵੀ ਕੱਢ ਜਾਂਦਾ ਹੈ। ਕੈਨੇਡੀਅਨ ਬ੍ਰੌਡਕਾਸਟ ਸਟੈਂਡ੍ਰਡ ਕੌਂਸਲ ਦੇ ਬੁਲਾਰੇ ਰੇਅ ਐਲਿਸਟਨ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੋਰਡ ਕੋਲ ਕੋਈ ਅਜਿਹੀ ਸ਼ਿਕਾਇਤ ਆਈ ਹੀ ਨਹੀਂ ਜਿਸ ਵਿੱਚ ਕਿਸੇ ਨੇ ਸਾਨੂੰ ਦੱਸਿਆ ਹੋਵੇ ਕਿ ਫ਼ਲਾਣੇ ਪੰਜਾਬੀ ਰੇਡੀਓ-TV ਹੋਸਟ ਨੇ ਉਨ੍ਹਾਂ ਦੀ ਕਿਰਦਾਰਕਸ਼ੀ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਕੋਈ ਇਲਮ ਨਹੀਂ ਕਿ ਕੋਈ ਪੰਜਾਬੀ ਰੇਡੀਓ ਹੋਸਟ ਇਸ ਤਰ੍ਹਾਂ ਦੇ ਫ਼ੰਡ ਇਕੱਤਰ ਕਰ ਰਿਹਾ ਹੈ। ਜੇਕਰ ਉਨ੍ਹਾਂ ਦੇ ਧਿਆਨ ‘ਚ ਅਜਿਹਾ ਕੋਈ ਮਾਮਲਾ ਲਿਆਉਂਦਾ ਜਾਵੇਗਾ ਤਾਂ ਉਹ ਜ਼ਰੂਰ ਉਸ ਦੀ ਤਹਿਕੀਕਾਤ ਕਰਨਗੇ।
ਕੂਨਰ ਦਾ ਕਹਿਣਾ ਸੀ ਕਿ ਲੋਕ ਸ਼ਿਕਾਇਤ ਜ਼ਰੂਰ ਕਰਦੇ ਜੇਕਰ ਉਨ੍ਹਾਂ ਨੂੰ ਇਨ੍ਹਾਂ ਰੇਡੀਓ ਹੋਸਟਾਂ ਵਲੋਂ ਵਧੇਰੇ ਸ਼ੋਸ਼ਣ ਦਾ ਡਰ ਨਾ ਹੁੰਦਾ। ਉਨ੍ਹਾਂ ਕਿਹਾ ਕਿ ਕੁਝ ਹੋਸਟ ਜਦੋਂ ਪੀੜਤਾਂ ਦੇ ਪੰਜਾਬ ‘ਚ ਬੈਠੇ ਪਰਿਵਾਰਾਂ ਨੂੰ ਵੀ ਸਥਾਨਕ ਪੁਲੀਸ ਦੀਆਂ ਧਮਕੀਆਂ ਦਿੰਦੇ ਹਨ ਅਤੇ ਆਮ ਲੋਕ ਡਰ ਜਾਂਦੇ ਹਨ। ”ਪੰਜਾਬੀ ਮੀਡੀਆ ਦੇ ਬਹੁਤੇ ਪੀੜਤ ਹਾਲ ਹੀ ‘ਚ ਆਏ ਹੋਏ ਇਮੀਗ੍ਰੈਂਟਸ ਹੁੰਦੇ ਨੇ … ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਕਰਨ ਜਾਂ ਕਰ ਸਕਦੇ ਹਨ,” ਕੂਨਰ ਦਾ ਕਹਿਣਾ ਸੀ। ”ਉਹ ਤਾਂ ਪਹਿਲਾਂ ਤੋਂ ਹੀ ਆਪਣੇ ਰਿਸ਼ਤੇ ‘ਚ ਬਦਸਲੂਕੀ ਦਾ ਸ਼ਿਕਾਰ ਹੋਏ ਹੁੰਦੇ ਹਨ, ਅਤੇ ਇਹ ਦੋਸ਼ ਕਿ ਉਨ੍ਹਾਂ ਨੇ ਕੇਵਲ ਕੈਨੇਡਾ ਆਉਣ ਲਈ ਸ਼ਾਦੀ ਕੀਤੀ ਸੀ, ਉਨ੍ਹਾਂ ਨੂੰ ਤੋੜ ਕੇ ਰੱਖ ਦਿੰਦਾ ਹੈ।
ਏਸ਼ੀਅਨ ਔਬਜ਼ਰਵਰ, ਇੱਕ ਔਨਲਾਈਨ ਵੈੱਬਸਾਈਟ, ਦੇ ਗਿਆਨ ਸ਼੍ਰੇਸ਼ਠ ਦਾ ਕਹਿਣਾ ਹੈ ਕਿ ਐਥਨਿਕ ਮੀਡੀਆ ਨੂੰ ਕਿਸੇ ਰੈਗੂਲੇਟਰੀ ਬੌਡੀ ਦੀ ਬਜਾਏ ਇੱਕ ਸ਼ਕਤੀਸ਼ਾਲੀ ਮੌਨੀਟਰਿੰਗ ਏਜੰਸੀ ਦੀ ਲੋੜ ਹੈ। ”ਬੇਸ਼ੱਕ ਉਹ ਆਪਣੇ 35-40 ਸਾਲ ਦੇ ਜਰਨਲਿਜ਼ਮ ਦੇ ਤਜਰਬੇ ਦੇ ਜਿੰਨੇ ਮਰਜ਼ੀ ਦਾਅਵੇ ਕਰੀ ਜਾਣ, ਪਰ ਹਕੀਕਤ ਇਹ ਹੈ ਕਿ ਬਹੁਤੇ ਸਥਾਨਕ ਪੰਜਾਬੀ ਰੇਡੀਓ ਹੋਸਟ ਕਿਸੇ ਵੀ ਨਾਮਵਰ ਅਦਾਰੇ ਤੋਂ ਆਪਣੇ ਕਿੱਤੇ ਦੀ ਟ੍ਰੇਨਿੰਗ ਲੈ ਕੇ ਨਹੀਂ ਆਏ, ਅਤੇ ਉਨ੍ਹਾਂ ਨੂੰ ਪੱਤਰਕਾਰਤਾ ਦਾ ੳ-ਅ ਵੀ ਨਹੀਂ ਆਉਂਦਾ,” ਸ਼੍ਰੇਸ਼ਠ ਦਾ ਕਹਿਣਾ ਸੀ। ”ਉਹ ਵਿਸ਼ਿਆਂ ਨੂੰ ਲੈ ਕੇ ਅਕਸਰ ਵਹਾਅ ‘ਚ ਵਹਿ ਜਾਂਦੇ ਹਨ ਅਤੇ ਤਸਵੀਰ ਦੇ ਦੋਹੇਂ ਪਹਿਲੂਆਂ ਨੂੰ ਨਹੀਂ ਦੇਖਦੇ। ਸਥਾਨਕ ਰੇਡੀਓ ਅਤੇ ਟੈਲੀਵਿਯਨ ਸ਼ੌਅਜ਼ ‘ਤੇ ਜੋ ਕੁਝ ਮੈਂ ਸੁਣਦਾ ਹਾਂ, ਉਨ੍ਹਾਂ ‘ਚੋਂ ਅੱਧੀਆਂ ‘ਤੇ ਉੱਕਾ ਹੀ ਯਕੀਨ ਨਹੀਂ ਕਰਦਾ। ਜੇਕਰ ਤੁਸੀਂ ਕਿਸੇ ਵੀ ਫ਼ੰਡ ਰੇਜ਼ਿੰਗ ‘ਚ ਹਿੱਸਾ ਲੈਂਦੇ ਹੋ ਤਾਂ ਇਹ ਜ਼ਰੂਰ ਸੁਨਿਸ਼ਚਿਤ ਕਰੋ ਕਿ ਉਹ ਹੋਸਟ ਪੈਸੇ ਕਿਤੇ ਖ਼ੁਦ ਹੀ ਤਾਂ ਨਹੀਂ ਡਕਾਰ ਗਿਆ!”
ਚਲਦਾ