ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (WHO) ਨੇ ਲੰਬੇ ਸਮੇਂ ਤੋਂ ਬਾਅਦ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, WHO ਦੇ ਤਕਨੀਕੀ ਸਲਾਹਕਾਰ ਸਮੂਹ ਨੇ ਅੱਜ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ (ਈ.ਯੂ.ਐੱਲ.) ਵਿੱਚ ਰੱਖਣ ਦੀ ਸਿਫਾਰਿਸ਼ ਕੀਤੀ ਜਿਸ ਤੋਂ ਬਾਅਦ WHO ਨੇ ਇਸ ਨੂੰ ਮਨਜ਼ੂਰ ਕਰ ਲਿਆ। ਉਥੇ ਹੀ ਕੋਵੈਕਸੀਨ ਨੂੰ WHO ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਵੈਕਸੀਨ ਲੈਣ ਵਾਲੇ ਵਿਦੇਸ਼ ਯਾਤਰਾ ਕਰ ਸਕਣਗੇ।
ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਜੀ-20 ਦੀ ਬੈਠਕ ਦੌਰਾਨ WHO ਮੁਖੀ ਦੇ ਸਾਹਮਣੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਮੁੱਦਾ ਚੁੱਕਿਆ ਸੀ। WHO ਨੇ ਟਵੀਟ ਕੀਤਾ ਕਿ ਡਬਲਿਯੂ.ਐੱਚ.ਓ. ਨੇ ਕੋਵੈਕਸੀਨ (ਭਾਰਤ ਬਾਇਓਟੈਕ ਦੁਆਰਾ ਵਿਕਸਿਤ) ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਸੂਚੀਬੱਧ ਕੀਤਾ ਹੈ, ਇਸ ਤਰ੍ਹਾਂ ਕੋਵਿਡ-19 ਦੀ ਰੋਕਥਾਮ ਲਈ ਡਬਲਿਯੂ.ਐੱਚ.ਓ. ਦੁਆਰਾ ਮਾਨਤਾ ਪ੍ਰਾਪਤ ਟੀਕਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਕੋਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਇਹ ਸਮਰਥ ਅਗਵਾਈ ਦੀ ਨਿਸ਼ਾਨੀ ਹੈ, ਇਹ ਮੋਦੀ ਜੀ ਦੇ ਸੰਕਲਪ ਦੀ ਕਹਾਣੀ ਹੈ, ਇਹ ਦੇਸ਼ਵਾਸੀਆਂ ਦੇ ਵਿਸ਼ਵਾਸ ਦੀ ਜੁਬਾਨੀ ਹੈ, ਇਹ ਆਤਮਨਿਰਭਰ ਭਾਰਤ ਦੀ ਦੀਵਾਲੀ ਹੈ।