ਜਲੰਧਰ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਕੀ ਪੰਜਾਬ ’ਚ ਇਕ ਵਾਰ ਮੁੜ ਸਰਗਰਮ ਹੋਣ ਜਾ ਰਹੇ ਹਨ, ਇਸ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ।ਕਾਂਗਰਸੀਆਂ ’ਚ ਚਰਚਾ ਚੱਲ ਰਹੀ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪ੍ਰਸ਼ਾਂਤ ਕਿਸ਼ੋਰ ਦੀ ਮੁੜ ਮਦਦ ਲੈ ਸਕਦੀ ਹੈ। ਪ੍ਰਸ਼ਾਂਤ ਕਿਸ਼ੋਰ ਨੇ 2017 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ ਸੀ। ਹੁਣ ਅਜਿਹਾ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਸ਼ਾਂਤ ਕਿਸ਼ੋਰ ਦੀ ਮਦਦ ਲੈਣ ਬਾਰੇ ਸਕਾਰਾਤਮਕ ਰੁਖ ਰੱਖਦੇ ਹਨ। ਕਾਂਗਰਸ ਲੀਡਰਸ਼ਿਪ ਵੀ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣ ਦੀ ਇਛੁੱਕ ਹੈ।ਪੰਜਾਬ ਕਾਂਗਰਸ ਮਾਮਲਿਆਂ ਦੇ ਮੁਖੀ ਹਰੀਸ਼ ਚੌਧਰੀ ਨੇ ਵੀ ਪਿਛਲੇ ਦਿਨੀਂ ਅਜਿਹੇ ਹੀ ਸੰਕੇਤ ਦਿੱਤੇ ਸਨ, ਜਿਸ ਦੇ ਤਹਿਤ ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਹਰੀਸ਼ ਚੌਧਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ।
ਪ੍ਰਸ਼ਾਂਤ ਕਿਸ਼ੋਰ ਜਿਨ੍ਹਾਂ ਦੀ ਪਹਿਲਾਂ ਕਾਂਗਰਸ ਲੀਡਰਸ਼ਿਪ ਨਾਲ ਕਾਫੀ ਨੇੜਤਾ ਸੀ, ਨੇ ਪਿਛਲੇ ਦਿਨੀਂ ਇਕ ਬਿਆਨ ਦਿੱਤਾ ਸੀ, ਜਿਸ ’ਚ ਉਨ੍ਹਾਂ ਨੇ ਵਿਚਾਰ ਪ੍ਰਗਟਾਏ ਸਨ, ਜਿਸ ’ਚ ਉਨ੍ਹਾਂ ਕਿਹਾ ਕਿ ਕੇਂਦਰ ’ਚ ਨਰਿੰਦਰ ਮੋਦੀ ਨੂੰ ਹਟਾਉਣਾ ਨੇੜਲੇ ਭਵਿੱਖ ’ਚ ਸੰਭਵ ਨਹੀਂ ਹੋਵੇਗਾ।ਪ੍ਰਸ਼ਾਂਤ ਕਿਸ਼ੋਰ ਕਾਫੀ ਸਿਆਸੀ ਸੂਝ-ਬੂਝ ਰੱਖਦੇ ਹਨ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੇ ਮਮਤਾ ਬੈਨਰਜੀ ਦਾ ਸਾਥ ਦਿੱਤਾ ਸੀ, ਜਿਸ ਕਾਰਨ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਪ੍ਰਸ਼ਾਂਤ ਕਿਸ਼ੋਰ ਸਮੇਂ-ਸਮੇਂ ਸਿਰ ਵੱਖ-ਵੱਖ ਸਿਆਸੀ ਪਾਰੀਟਆਂ ਦਾ ਸਾਥ ਦਿੰਦੇ ਰਹੇ ਹਨ। ਜੇ ਪ੍ਰਸ਼ਾਂਤ ਕਿਸ਼ੋਰ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਸਮਰਥਨ ’ਚ ਆਉਂਦੇ ਹਨ ਤਾਂ ਉਸ ਸਥਿਤੀ ’ਚ ਸਿਆਸੀ ਸਥਿਤੀ ’ਚ ਭਾਰੀ ਫੇਰਬਦਲ ਆ ਸਕਦਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਸਿਆਸੀ ਸੂਝ-ਬੂਝ ਦੀ ਸਾਰੇ ਸਿਆਸੀ ਨੇਤਾ ਤਾਰੀਫ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਉੱਠਣ ਵਾਲੇ ਮੁੱਦਿਆਂ ਦਾ ਪੂਰੀ ਤਰ੍ਹਾਂ ਗਿਆਨ ਹੁੰਦਾ ਹੈ।
ਪ੍ਰਸ਼ਾਂਤ ਕਿਸ਼ੋਰ ਦੀ ਮਦਦ ਲੈਣ ਬਾਰੇ ਵੀ ਚੰਨੀ ਦੇ ਅਸਿੱਧੇ ਬਿਆਨ ਤੋਂ ਸੰਕੇਤ ਮਿਲਦਾ ਹੈ। ਉਨ੍ਹਾਂ ਨੇ ਹਾਲ ਹੀ ’ਚ ਕਿਹਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੇ ਅਸਥਾਈ ਤੌਰ ’ਤੇ ਬ੍ਰੇਕ ਲਈ ਹੋਈ ਹੈ ਅਤੇ ਉਹ ਛੇਤੀ ਹੀ ਸਾਹਮਣੇ ਆਉਂਦੇ ਹੋਏ ਦਿਖਾਈ ਦੇਣਗੇ। ਪ੍ਰਸ਼ਾਂਤ ਕਿਸ਼ੋਰ ਇਸ ਸਮੇਂ ਤ੍ਰਿਣਮੂਲ ਕਾਂਗਰਸ ਦੀ ਗੋਆ ਵਿਧਾਨ ਸਭਾ ਚੋਣਾਂ ’ਚ ਮਦਦ ਕਰ ਰਹੇ ਹਨ।