ਜੰਮੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ’ਚ ਪਹੁੰਚੇ। ਨੌਸ਼ਹਿਰਾ ਸੈਕਟਰ ਪਹੁੰਚ ਕੇ ਪ੍ਰਧਾਨ ਮੰਤਰੀ ਨੇ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਫ਼ੌਜੀ ਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਉਹ ਪਰਿਵਾਰ ਹੈ, ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੀ ਹਰ ਦੀਵਾਲੀ ਮਨਾਈ ਹੈ। ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਅਤੇ ਫਿਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਨ੍ਹਾਂ ਨੇ ਹਰ ਦੀਵਾਲੀ ਆਪਣੀ ਇਸ ਪਰਿਵਾਰ ਨਾਲ ਮਨਾਈ ਹੈ।
ਪ੍ਰਧਾਨ ਮੰਤਰੀ ਨੇ ਜਵਾਨਾਂ ਦਾ ਹੌਂਸਲਾ ਵੀ ਵਧਾਇਆ। ਉਨ੍ਹਾਂ ਕਿਹਾ ਕਿ ਅੱਜ ਮੈਂ ਫਿਰ ਤੁਹਾਡੇ ਵਿਚਕਾਰ ਆਇਆ ਹਾਂ। ਅੱਜ ਫਿਰ ਮੈਂ ਤੁਹਾਡੇ ਤੋਂ ਨਵੀਂ ਊਰਜਾ, ਨਵੀਂ ਉਮੰਗ, ਨਵਾਂ ਵਿਸ਼ਵਾਸ ਲੈ ਕੇ ਜਾਵਾਂਗਾ। ਮੈਂ ਇਕੱਲਾ ਨਹੀਂ ਆਇਆ ਹਾਂ, 130 ਕਰੋੜ ਦੇਸ਼ ਵਾਸੀਆਂ ਦਾ ਆਸ਼ੀਰਵਾਦ ਤੁਹਾਡੇ ਲਈ ਲੈ ਕੇ ਆਇਆ ਹਾਂ। ਅੱਜ ਸ਼ਾਮ ਨੂੰ ਦੀਵਾਲੀ ਦਾ ਇਕ ਦੀਵਾ ਤੁਹਾਡੀ ਵੀਰਤਾ, ਬਹਾਦਰੀ, ਕੁਰਬਾਨੀ, ਤਪੱਸਿਆ ਦੇ ਨਾਂ ਅਤੇ ਭਾਰਤ ਦਾ ਹਰ ਨਾਗਰਿਕ ਉਸ ਦੀਵੇ ਦੀ ਜੋਤ ਨਾਲ ਤੁਹਾਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਵੀ ਦਿੰਦਾ ਰਹੇਗਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਇਹ ਜਵਾਨ ਇੱਥੇ ਸਰਹੱਦ ’ਤੇ ਡਟੇ ਰਹਿੰਦੇ ਹਨ, ਇਸ ਵਜ੍ਹਾ ਨਾਲ ਪੂਰਾ ਦੇਸ਼ ਚੈਨ ਦੀ ਨੀਂਦ ਸੌਂਦਾ ਹੈ। ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਦੇਸ਼ ਦਾ ਸੁਰੱਖਿਆ ਕਵਚ ਦੱਸਿਆ ਅਤੇ ਕਿਹਾ ਕਿ ਦੇਸ਼ ’ਚ ਉਨ੍ਹਾਂ ਦੀ ਵਜ੍ਹਾ ਨਾਲ ਹੀ ਸ਼ਾਂਤੀ ਅਤੇ ਸੁਰੱਖਿਆ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨੇ ਨੌਸ਼ਹਿਰਾ ਦੇ ਜਵਾਨਾਂ ਨੂੰ ਬਹਾਦਰ ਦੱਸਿਆ ਅਤੇ ਕਿਹਾ ਕਿ ਦੁਸ਼ਮਣ ਜਦੋਂ ਇਸ ਧਰਤੀ ’ਤੇ ਕਦਮ ਰੱਖਦਾ ਹੈ, ਉਨ੍ਹਾਂ ਨੂੰ ਹਮੇਸ਼ਾ ਮੂੰਹ ਤੋੜ ਜਵਾਬ ਮਿਲਿਆ।