ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ ਅਤੇ ਕਿਹਾ ਕਿ ਕਾਸ਼, ਇਸ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ। ਰਾਹੁਲ ਨੇ ਟਵੀਟ ਕੀਤਾ ਕਿ ਦੀਵਾਲੀ ਹੈ। ਮਹਿੰਗਾਈ ਸਿਖ਼ਰਾਂ ’ਤੇ ਹੈ। ਇਹ ਵਿਅੰਗ ਦੀ ਗੱਲ ਨਹੀਂ ਹੈ। ਕਾਸ਼, ਮੋਦੀ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਕਈ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਰਾਹੁਲ ਗਾਂਧੀ ਕਿਸੇ ਨਾ ਕਿਸੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਟਵੀਟ ਜ਼ਰੀਏ ਘੇਰਦੇ ਹਨ। ਦੇਸ਼ ’ਚ ਇਸ ਸਮੇਂ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਪੈਟਰੋਲ-ਡੀਜ਼ਲ ਤੋਂ ਲੈ ਕੇ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿੱਲਿਆ ਹੋਇਆ ਹੈ ਕਿਉਂਕਿ ਰਸੋਈ ਗੈਸ ਦੀਆਂ ਕੀਮਤਾਂ ’ਚ ਵੀ ਵੱਡਾ ਉਛਾਲ ਦਰਜ ਕੀਤਾ ਗਿਆ ਹੈ।