ਮੁੰਬਈ – ਵਸੂਲੀ ਮਾਮਲੇ ਵਿੱਚ ਈ.ਡੀ. ਨੇ ਵੱਡੀ ਕਾਰਵਾਈ ਕਰਦੇ ਹੋਏ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਗ੍ਰਿਫਤਾਰ ਕਰ ਲਿਆ ਹੈ। 12 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਈ.ਡੀ. ਨੇ ਪਾਇਆ ਕਿ ਦੇਸ਼ਮੁਖ ਵੱਲੋਂ ਕਿਸੇ ਵੀ ਸਵਾਲ ‘ਤੇ ਸੰਤੋਸ਼ਜਨਕ ਜਵਾਬ ਨਹੀਂ ਦਿੱਤੇ ਗਏ। ਅਜਿਹੇ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੁਣ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਤਿਆਰੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਅਨਿਲ ਦੇਸ਼ਮੁਖ ਸੋਮਵਾਰ ਨੂੰ ਸਵੇਰੇ 11:55 ਵਜੇ ਖੁਦ ਈ.ਡੀ. ਦਫਤਰ ਪਹੁੰਚ ਗਏ ਸਨ। ਇਸ ਤੋਂ ਪਹਿਲਾਂ ਕਈ ਵਾਰ ਉਨ੍ਹਾਂ ਨੂੰ ਈ.ਡੀ. ਦੁਆਰਾ ਸੰਮਨ ਭੇਜਿਆ ਗਿਆ ਸੀ ਪਰ ਉਹ ਪੁੱਛਗਿੱਛ ਵਿੱਚ ਸ਼ਾਮਲ ਨਹੀਂ ਹੋਏ ਪਰ ਸੋਮਵਾਰ ਨੂੰ ਉਹ ਈ.ਡੀ. ਦਫਤਰ ਵੀ ਪੁੱਜੇ ਅਤੇ ਫਿਰ ਪੁੱਛਗਿੱਛ ਵਿੱਚ ਸ਼ਾਮਲ ਵੀ ਹੋ ਗਏ। ਈ.ਡੀ. ਨੇ ਪੂਰੇ 12 ਘੰਟੇ ਤਕ ਦੇਸ਼ਮੁਖ ਨਾਲ ਸਵਾਲ-ਜਵਾਬ ਕੀਤੇ ਪਰ ਕਿਉਂਕਿ ਕੋਈ ਵੀ ਜਵਾਬ ਈ.ਡੀ. ਨੂੰ ਸਹੀ ਨਹੀਂ ਲੱਗਾ, ਅਜਿਹੇ ਵਿੱਚ ਦੇਸ਼ਮੁਖ ਦੀ ਗ੍ਰਿਫਤਾਰੀ ਹੋ ਗਈ। ਈ.ਡੀ. ਨੇ ਸਪੱਸ਼ਟ ਕਿਹਾ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ।
ਖ਼ਬਰ ਇਹ ਵੀ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਅਨਿਲ ਦੇਸ਼ਮੁਖ ਦਾ ਬਿਆਨ ਦਰਜ ਕੀਤਾ ਗਿਆ ਸੀ। ਉਨ੍ਹਾਂ ਤਮਾਮ ਦੋਸ਼ੀਆਂ ਦੇ ਬਿਆਨ ਵੀ ਦੇਸ਼ਮੁਖ ਦੇ ਸਾਹਮਣੇ ਰੱਖੇ ਗਏ ਸਨ, ਜਿਨ੍ਹਾਂ ਦਾ ਇਸ ਦੋਸ਼ ਵਿੱਚ ਸਰਗਰਮ ਯੋਗਦਾਨ ਸੀ। ਪਰ ਦੇਸ਼ਮੁਖ ਕਿਸੇ ਵੀ ਸਵਾਲ ‘ਤੇ ਸਪੱਸ਼ਟ ਜਵਾਬ ਨਹੀਂ ਦੇ ਸਕੇ। ਉਹ ਸਿਰਫ ਦੋਸ਼ਾਂ ਦਾ ਖੰਡਨ ਕਰਦੇ ਰਹੇ ਪਰ ਈ.ਡੀ. ਨੇ ਆਪਣੀ ਜਾਂਚ ਦੇ ਆਧਾਰ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।