ਮੁੱਖ ਮੰਤਰੀ ਚੰਨੀ ਦੇ ਦੀਵਾਲੀ ਗਿਫ਼ਟ ‘ਤੇ ‘ਨਵਜੋਤ ਸਿੱਧੂ’ ਦਾ ਤੰਜ, ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਵੀ ਦਿੱਤਾ ਬਿਆਨ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਖਜ਼ਾਨੇ ’ਤੇ ਦਿੱਤੇ ਗਏ ਬਿਆਨ ਦੇ 14 ਦਿਨ ਬਾਅਦ ਨਵਜੋਤ ਸਿੰਘ ਸਿੱਧੂ ਨੇ ਜਨਤਕ ਮੰਚ ਤੋਂ ਕਿਹਾ ਕਿ ਝੂਠ ਬੋਲਦਾ ਹੈ ਉਹ ਵਿਅਕਤੀ, ਜੋ ਕਹਿੰਦਾ ਹੈ ਖਜ਼ਾਨੇ ਭਰੇ ਹੋਏ ਹਨ। ਮੁੱਖ ਮੰਤਰੀ ਚੰਨੀ ਨੇ ਕਰੀਬ 14 ਦਿਨ ਪਹਿਲਾਂ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਕਿਹਾ ਸੀ ਕਿ ਕਈ ਵਿਰੋਧੀ ਕਹਿੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਖ਼ਾਲੀ ਹੈ ਤਾਂ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਹੁੰਦਾ, ਨਾ ਹੀ ਸਰਕਾਰ ਨੇ ਖ਼ਾਲੀ ਹੋਣ ਦੇਣਾ ਹੈ। ਹਮੇਸ਼ਾ ਖਜ਼ਾਨਾ ਭਰਿਆ ਰਹੇਗਾ। ਇਸ ’ਤੇ ਸਿੱਧੂ ਨੇ ਤੰਜ਼ ਕਸਦਿਆਂ ਕਿਹਾ ਕਿ ਪੰਜਾਬ ’ਤੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਨਗਰ ਨਿਗਮ, ਰੈਸਟ ਹਾਊਸ ਗਹਿਣੇ ਰੱਖੇ ਹੋਏ ਹਨ। ਇਹ ਕਰਜ਼ਾ ਸਰਕਾਰ ਨੇ ਵਾਪਸ ਨਹੀਂ ਕਰਨਾ ਹੈ, ਪੰਜਾਬ ਦੀ ਜਨਤਾ ਨੇ ਮੋੜਨਾ ਹੈ। ਚੰਡੀਗੜ੍ਹ ’ਚ ਕਾਂਗਰਸ ਨੇਤਾ ਅਸ਼ਵਨੀ ਸੇਖੜੀ ਦੀ ਅਗਵਾਈ ’ਚ ਸੰਯੁਕਤ ਹਿੰਦੂ ਮਹਾਸਭਾ ਦੇ ਮੰਚ ਤੋਂ ਨਵਜੋਤ ਸਿੱਧੂ ਨੇ ਚੰਨੀ ਸਰਕਾਰ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜੇਕਰ ਖਜ਼ਾਨਾ ਭਰਿਆ ਹੋਇਆ ਹੈ ਤਾਂ ਈ. ਟੀ. ਟੀ. ਟੀਚਰਜ਼ ਨੂੰ ਨੌਕਰੀ ਕਿਉਂ ਨਹੀਂ ਮਿਲਦੀ? ਕਿਉਂ ਉਹ ਟੈਂਕੀਆਂ ’ਤੇ ਚੜ੍ਹੇ ਹੋਏ ਹਨ? ਖਜ਼ਾਨਾ ਭਰਿਆ ਹੈ ਤਾਂ ਕੱਚੇ ਮੁਲਾਜ਼ਮਾਂ ਨੂੰ ਦੇਵੋ। 2004 ਤੋਂ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲੀ, ਉਨ੍ਹਾਂ ਨੂੰ ਦੇਵੋ ਕਿਉਂਕਿ ਖਜ਼ਾਨਾ ਆਖ਼ਰੀ ਲਾਈਨ ’ਚ ਖੜ੍ਹੇ ਵਿਅਕਤੀ ਲਈ ਹੀ ਤਾਂ ਹੁੰਦਾ ਹੈ। ਪਹਿਲੀ ਲਾਈਨ ’ਚ ਖੜ੍ਹੇ ਵਿਅਕਤੀ ਲਈ ਖਜ਼ਾਨਾ ਨਹੀਂ ਹੁੰਦਾ। ਉਨ੍ਹਾਂ ਲਈ ਨਹੀਂ ਹੁੰਦਾ, ਜੋ ਰੇਤਾ ਵੇਚਦਾ ਹੈ, ਸ਼ਰਾਬ ਵੇਚਦਾ ਹੈ। ਜੇਕਰ ਖਜ਼ਾਨਾ ਭਰਿਆ ਹੋਇਆ ਹੈ ਤਾਂ ਇਹ ਹੰਗਾਮਾ ਕਿਉਂ ਹੋ ਰਿਹਾ ਹੈ। ਕਿਉਂ ਹਰ ਵਿਅਕਤੀ ਹੜਤਾਲ ’ਤੇ ਹੈ? ਕਿਉਂ ਕਰਜ਼ਾ ਲੈ ਕੇ ਕਰਜ਼ਾ ਵਾਪਸ ਕੀਤਾ ਜਾ ਰਿਹਾ ਹੈ? ਫਿਰ ਕਿਉਂ 10 ਸਾਲ ਸਰਕਾਰ ਆਉਂਦੀ ਹੈ ਤਾਂ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਜਾਂਦਾ ਹੈ ਅਤੇ ਦੂਜੀ ਸਰਕਾਰ ਆਉਂਦੀ ਹੈ ਤਾਂ 5 ਸਾਲ ’ਚ 1 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਚੜ੍ਹਾ ਦਿੰਦੀ ਹੈ? ਇੰਡਸਟਰੀ ਨੂੰ ਸਬਸਿਡੀ ਕਿਉਂ ਨਹੀਂ ਮਿਲ ਰਹੀ? ਇੰਡਸਟਰੀ ਕਿਉਂ ਪੰਜਾਬ ਤੋਂ ਭੱਜ ਰਹੀ ਹੈ? ਕਿਉਂ ਪੰਜਾਬ 1 ਨੰਬਰ ਤੋਂ 17-18 ਨੰਬਰ ’ਤੇ ਚਲਾ ਗਿਆ? ਕਿਉਂ ਹਿਮਾਚਲ ਜਿਹੇ ਸੂਬੇ 7-8 ਰੈਕਿੰਗ ’ਤੇ ਚਲੇ ਗਏ? ਸਿੱਧੂ ਨੇ ਕਿਹਾ ਕਿ ਪੰਜਾਬ ’ਤੇ ਟੈਕਸੀ ਦੇ ਮੀਟਰ ਦੀ ਤਰ੍ਹਾਂ ਸੂਦ ਵੱਧ ਰਿਹਾ ਹੈ। ਇਹ ਪੰਜਾਬ ਦੀ ਜਨਤਾ ਅਦਾ ਕਰ ਰਹੀ ਹੈ। ਇਹ ਇਸ ਲਈ ਵੀ ਹੈ ਕਿ ਪੌਣੇ 5 ਸਾਲਾਂ ’ਚ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਹੋ ਸਕੇ ਕਿਉਂਕਿ ‘ਗੰਨੇ ਚੂਪਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ’ ਹੈ।
ਚੰਨੀ ਦੇ ਐਲਾਨਾਂ ’ਤੇ ਵੀ ਸਿੱਧੂ ਦੇ ਬੋਲ, ਆਖ਼ਰੀ 2 ਮਹੀਨੇ ਲੌਲੀਪਾਪ ਕਿਉਂ, ਦੀਵਾਲੀ ਗਿਫ਼ਟ ਕਿਉਂ?
ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਸੋਮਵਾਰ ਨੂੰ ਕੀਤੇ ਗਏ ਐਲਾਨਾਂ ’ਤੇ ਵੀ ਤੰਜ ਕੱਸਿਆ। ਸਿੱਧੂ ਨੇ ਪੁੱਛਿਆ ਕਿ ਆਖ਼ਰੀ 2 ਮਹੀਨਿਆਂ ’ਚ ਹੀ ਲੌਲੀਪਾਪ ਕਿਉਂ? ਕੀ ਪੰਜਾਬ ’ਚ ਮਕਸਦ ਸਿਰਫ਼ ਸਰਕਾਰ ਬਣਾਉਣਾ ਹੈ? ਝੂਠ ਬੋਲ ਕੇ, 500-500 ਵਾਅਦੇ ਕਰਕੇ। ਸਿੱਧੂ ਨੇ ਜਨਤਾ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਸ ਵਾਰ ਵੋਟ ਗਿਫ਼ਟ ’ਤੇ ਨਾ ਦਿਓ। ਗਲੀ-ਨੁੱਕੜ ’ਚ ਦੱਸੋ, ਦੀਵਾਲੀ ਗਿਫਟ ਨਹੀਂ ਚਾਹੀਦਾ। ਉਨ੍ਹਾਂ ਨੂੰ ਪੁੱਛੋ ਕਿ ਪੰਜਾਬ ਨੂੰ ਦਲਦਲ ਵਿਚੋਂ ਕੌਣ ਕੱਢੇਗਾ? ਉਸ ਦਾ ਰੋਡਮੈਪ ਕੀ ਹੈ? ਉੱਪਰ ਚੋਰ ਬਿਠਾਓਗੇ ਜਾਂ ਈਮਾਨਦਾਰ ਬਿਠਾਓਗੇ, ਸਿੱਧੂ ਨੂੰ ਕੁੱਝ ਨਹੀਂ ਚਾਹੀਦਾ। ਬੱਸ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਕੋਈ 2-2 ਹਜ਼ਾਰ ’ਚ ਨਾ ਵਿਕੇ, ਕੋਈ ਲੌਲੀਪਾਪ ਲਈ ਨਹੀਂ ਵਿਕੇ, ਕੋਈ ਈਮਾਨ ਨਾ ਵੇਚੇ। ਇਸ ਵਾਰ ਇਕ ਨਵਾਂ ਪੰਜਾਬ ਬਣਾਇਆ ਜਾਵੇ। ਸਿੱਧੂ ਨੇ ਕਿਹਾ ਕਿ ਮਰਦਾ ਮਰ ਜਾਵਾਂਗਾ ਪਰ ਪੰਜਾਬ ਨੂੰ ਨਹੀਂ ਵੇਚਾਂਗਾ। ਕਮਾਊ ਪੂਤ ਨਹੀਂ ਬਣਾਂਗਾ, ਸ਼ੀਸ਼ਾ ਦਿਖਾਵਾਂਗਾ। ਦੱਸਾਂਗਾ ਪੰਜਾਬ ਕਿਵੇਂ ਸੰਵਰਦਾ ਹੈ। ਸਿੱਧੂ ਨੇ ਕਿਹਾ ਕਿ ਜਨਤਾ ਨੂੰ ਪੁੱਛਣਾ ਚਾਹੀਦਾ ਹੈ ਕਿ ਦਿਵਾਲੀ ਗਿਫਟ ਤੋਂ ਪਹਿਲਾਂ ਇਹ ਦੱਸੋ ਕਿ ਉਪਰ ਕੀ ਬੇਈਮਾਨ ਬਿਠਾਓਗੇ ਜਾਂ ਇਮਾਨਦਾਰ।
ਮਾਂ ਹਿੰਦੂ, ਪਿਤਾ ਸਿੱਖ, ਤੈਅ ਕਰ ਲਓ ਹਿੰਦੂ ਹਾਂ ਜਾਂ ਸਿੱਖ
ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਭਾਈਚਾਰੇ ਦਾ ਨਾਅਰਾ ਵੀ ਬੁਲੰਦ ਕੀਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਹਿੰਦੂ, ਪਿਤਾ ਗੁਰਸਿੱਖ। ਤੈਅ ਕਰ ਲਓ ਹਿੰਦੂ ਹਾਂ ਜਾਂ ਸਿੱਖ। ਖੂਨ ਦੇ ਕਤਰਿਆਂ ’ਚ ਵੇਖ ਲਓ ਹਿੰਦੂ ਹਾਂ ਜਾਂ ਸਿੱਖ ਕਿਉਂਕਿ ਉਨ੍ਹਾਂ ਦਾ ਖੂਨ ਪੰਜਾਬ ਦੇ ਭਾਈਚਾਰੇ ਦਾ ਪ੍ਰਤੀਕ ਹੈ। ਸਿੱਧੂ ਨੇ ਕਿਹਾ ਕਿ ਚਾਹੇ ਦੇਵੀ ਉਪਾਸਨਾ ਹੋਵੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ। ਵੱਖ-ਵੱਖ ਨਦੀਆਂ ਹਨ, ਜੀਵਨ ਜਿਊਣ ਦਾ ਤਰੀਕਾ ਹੈ।
ਬੇਅਦਬੀ ਦੀ ਗੱਲ ਦੁਹਰਾਈ
ਸਿੱਧੂ ਨੇ ਕਿਹਾ ਕਿ ਗੁਰੂ ਲਈ ਸਭ ਕੁੱਝ ਜਾਂਦਾ ਹੈ ਤਾਂ ਜਾਵੇ। ਸਿੱਧੂ ਕਿਸੇ ਸਮਝੌਤੇ ਲਈ ਨਹੀਂ ਖੜ੍ਹਾ ਰਹੇਗਾ ਕਿਉਂਕਿ ਪੰਜਾਬ ਦੇ ਸਾਹਮਣੇ ਇਸ ਵਾਰ ਆਖ਼ਰੀ ਮੌਕਾ ਹੈ, ਜਾਂ ਤਾਂ ਡੈਮੇਜ ਕੰਟਰੋਲ ਕਰ ਲਿਆ ਜਾਵੇ ਜਾਂ ਫਿਰ ਰਹਿਣ ਯੋਗ ਨਹੀਂ ਰਹੇਗਾ ਸੂਬਾ। ਇਹ ਨਹੀਂ ਸੋਚਣਾ ਕਿ ਗੁਰੂ ਦਾ ਇਨਸਾਫ਼ ਨਹੀਂ ਹੋਇਆ, ਗੁਰੂ ਤਾਂ ਖ਼ੁਦ ਇਨਸਾਫ਼ ਕਰਨ ਵਾਲਾ ਹੈ। ਗੁਰੂ ਤਾਂ ਸਿਰਫ਼ ਪਰਖਦਾ ਹੈ ਅਤੇ ਪਰਖ-ਪਰਖ ਕੇ ਹੀ ਗੁਰੂ ਨੇ ਸਰਕਾਰਾਂ ਡੇਗ ਦਿੱਤੀਆਂ। ਇਕ ਡਿੱਗੀ, ਦੂਜੀ ਬਣੀ। ਇਕ ਮੁੱਖ ਮੰਤਰੀ ਰਾਜੇ ਤੋਂ ਰੰਕ ਬਣਾ ਗਿਆ ਤਾਂ ਦੂਜਾ ਬਣ ਗਿਆ। ਇਹ ਉਸੇ ਗੁਰੂ ਦਾ ਪ੍ਰਤਾਪ ਹੈ। ਗੁਰੂ ਤਾਂ ਵੇਖਦਾ ਹੈ ਕਿ ਕੌਣ ਸੋਨਾ ਹੈ, ਕੌਣ ਮਿੱਟੀ ਹੈ।