ਚੰਡੀਗੜ੍ਹ : ਜਗਦੀਸ਼ ਟਾਈਟਲਰ ਨੂੰ ਕਾਂਗਰਸ ਕਮੇਟੀ ਦਾ ਸਥਾਈ ਮੈਂਬਰ ਬਣਾਉਣ ’ਤੇ ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਵੱਡੇ ਸਵਾਲ ਚੁੱਕੇ ਹਨ। ਸੁਖਬੀਰ ਬਾਦਲ ਨੇ ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਹ ਦੱਸਣ ਕਿ ਉਹ ਕੌਮ ਨਾਲ ਖੜ੍ਹੇ ਹਨ ਜਾਂ ਗਾਂਧੀ ਪਰਿਵਾਰ ਨਾਲ। ਸੁਖਬੀਰ ਬਾਦਲ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਚੰਨੀ-ਸਿੱਧੂ ਜੋੜੀ ਨੂੰ ਪੁੱਛਿਆ ਕਿ ਕੀ ਉਹ ਸਿੱਖਾਂ ਦੇ ਕਾਤਲ ਦੀ ਨਿਯੁਕਤੀ ‘ਤੇ ਹਾਈਕਮਾਨ ਕੋਲ ਆਪਣਾ ਰੋਸ ਪ੍ਰਗਟਾਉਣਗੇ ਜਾਂ ਨਹੀਂ ਅਤੇ ਜੇਕਰ ਟਾਈਟਲਰ ਨੂੰ ਕਾਂਗਰਸ ਦੀ ਸਥਾਈ ਕਮੇਟੀ ‘ਚੋਂ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਆਪਣਾ ਅਸਤੀਫ਼ਾ ਦੇਣਗੇ।
ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਦੱਸਣਾ ਚਾਹੀਦਾ ਹੈ ਕਿ 1984 ਦੇ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਕਾਂਗਰਸ ’ਚ ਅਹਿਮ ਅਹੁਦੇ ’ਤੇ ਨਿਯੁਕਤੀ ਕਰਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਕਿਉਂ ਛਿੜਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 37 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਕਾਂਗਰਸ ਪਾਰਟੀ ਦੀ ਲਗਾਤਾਰ ਇਹੀ ਕੋਸ਼ਿਸ਼ ਰਹੀ ਹੈ ਕਿ ਇਨਸਾਫ਼ ਨਾ ਮਿਲ ਸਕੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸਿੱਖ ਕਤਲੇਆਮ ’ਚ ਮੋਹਰੀ ਰੱਖਿਆ ਗਿਆ ਸੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਹਰ ਕਿਸਮ ਦੀਆਂ ਸਹੂਲਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ’ਚ ਸਫ਼ਲ ਹੋ ਗਏ ਪਰ ਕਾਂਗਰਸ ਨੇ ਟਾਈਟਲਰ ਨੂੰ ਕਾਨੂੰਨੀ ਤੇ ਹਰ ਕਿਸਮ ਦੀ ਸਹਾਇਤਾ ਦੇ ਕੇ ਬਚਾਅ ਕੇ ਰੱਖਿਆ ।ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨੂੰ ਵੱਡਾ ਸਵਾਲ ਪੁੱਛਦਿਆਂ ਜਵਾਬ ਮੰਗਿਆ ਕਿ ਜੇਕਰ ਟਾਈਟਲਰ ਨੂੰ ਕਾਂਗਰਸ ਦੀ ਸਥਾਈ ਕਮੇਟੀ ‘ਚੋਂ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਸਿੱਧੂ-ਚੰਨੀ ਜੋੜੀ ਅਸਤੀਫ਼ਾ ਦੇਵੇਗੀ? ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ ‘ਚ ਦੋਗਲੀ ਗੇਮ ਛੱਡ ਦੇਣੀ ਚਾਹੀਦੀ ਹੈ ਅਤੇ ਕੌਮ ਅੱਗੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।