ਬਲੋਚਿਸਤਾਨ : ਪਾਕਿਸਤਾਨ ਵਿਚ ਬਲੋਚਿਸਤਾਨ ਦੇ ਮਕਰਾਨ ਡਿਵੀਜ਼ਨ ਦੇ ਪੰਜਗੁਰ ਕਸਬੇ ਵਿਚ ਬੰਬ ਧਮਾਕਾ ਹੋਇਆ। ਇਸ ਬੰਬ ਧਮਾਕੇ ਵਿਚ ਦੋ ਰਾਹਗੀਰਾਂ ਦੀ ਮੌਤ ਹੋ ਗਈ ਅਤੇ ਫਰੰਟੀਅਰ ਕੋਰ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਡਾਨ ਨਿਊਜ਼ ਨੇ ਪੁਲਸ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਨੂੰ ਕੁਝ ਅਣਪਛਾਤੇ ਲੋਕਾਂ ਨੇ ਚਿਤਕਨ ਬਾਜ਼ਾਰ ਇਲਾਕੇ ‘ਚ ਵਿਸਫੋਟਕਾਂ ਨਾਲ ਭਰੇ ਮੋਟਰਸਾਈਕਲ ਨੂੰ ਖੜ੍ਹਾ ਕੀਤਾ ਅਤੇ ਜਿਵੇਂ ਹੀ ਫਰੰਟੀਅਰ ਕੋਰ ਦੀ ਗੱਡੀ ਇਸ ਮੋਟਰਸਾਈਕਲ ਦੇ ਨੇੜੇ ਪਹੁੰਚੀ ਤਾਂ ਇਸ ‘ਚ ਰਿਮੋਟ ਕੰਟਰੋਲ ਨਾਲ ਧਮਾਕਾ ਕਰ ਦਿੱਤਾ ਗਿਆ।
ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ,”ਤਿੰਨ ਲਾਸ਼ਾਂ ਤੋਂ ਇਲਾਵਾ ਫਰੰਟੀਅਰ ਕੋਰ ਦੇ ਤਿੰਨ ਜ਼ਖਮੀ ਜਵਾਨਾਂ ਨੂੰ ਇੱਥੇ ਲਿਆਂਦਾ ਗਿਆ ਹੈ।” ਇਕ ਪੁਲਸ ਅਧਿਕਾਰੀ ਮੁਤਾਬਕ ਧਮਾਕੇ ‘ਚ ਕਰੀਬ 3 ਕਿਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਮੀਰ ਅਬਦੁਲ ਕੁਦੁਸ ਬਿਜੇਂਜੋ ਨੇ ਕਿਹਾ ਕਿ ਸੂਬਾਈ ਸਰਕਾਰ ਅੱਤਵਾਦ ਦੇ ਖਾਤਮੇ ਲਈ ਇੱਕ ਵਿਆਪਕ ਨੀਤੀ ਬਣਾਏਗੀ, ਜਿਸ ਵਿੱਚ ਸਾਰੇ ਹਿੱਸੇਦਾਰਾਂ ਨੂੰ ਭਰੋਸੇ ਵਿੱਚ ਲਿਆ ਜਾਵੇਗਾ।