ਨਵੀਂ ਦਿੱਲੀ– ਪੱਛਮੀ ਬੰਗਾਲ ਅਤੇ ਆਸਾਮ ਵਿਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਦੋਹਾਂ ਸੂਬਿਆਂ ਵਿਚ ਹਫਤਾਵਾਰੀ ਇਨਫੈਕਸ਼ਨ ਦਰ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ। ਨਾਲ ਹੀ ਕੋਰੋਨਾ ਦੀ ਜਾਂਚ ਵਿਚ ਕਮੀ ਆਈ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਦੋਹਾਂ ਸੂਬਿਆਂ ਨੂੰ ਜਾਂਚ ਦੀ ਰਫਤਾਰ ਵਧਾਉਣ ਅਤੇ ਇਨਫੈਕਸ਼ਨ ਤੋਂ ਬਚਾਅ ਦੇ ਉਪਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਉਕਤ ਦੋਹਾਂ ਸੂਬਿਆਂ ਦੇ ਨਾਲ ਹੀ ਮਿਜ਼ੋਰਮ ਵਿਚ ਵੀ ਇਨਫੈਕਸ਼ਨ ਵਧ ਰਹੀ ਹੈ।
ਕੇਂਦਰ ਸਿਹਤ ਮੰਤਰਾਲਾ ਵਿਚ ਐਡੀਸ਼ਨਲ ਸਕੱਤਰ ਆਰਤੀ ਆਹੂਜਾ ਨੇ ਬੰਗਾਲ ਅਤੇ ਆਸਾਮ ਦੇ ਮੁੱਖ ਸਕੱਤਰਾਂ ਨੂੰ ਭੇਜੀ ਚਿੱਠੀ ਵਿਚ ਪਿਛਲੇ ਹਫਤੇ ਕੋਰੋਨਾ ਇਨਫੈਕਸ਼ਨ ਦੇ ਹਫਤਾਵਾਰੀ ਮਾਮਲਿਆਂ ਵਿਚ ਵਾਧੇ ਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ 22 ਅਕਤੂਬਰ ਨੂੰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀ ਬੰਗਾਲ ਨੂੰ ਚਿੱਠੀ ਲਿਖ ਕੇ ਦੁਰਗਾ ਪੂਜਾ ਪਿੱਛੋਂ ਕੋਲਕਾਤਾ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ’ਤੇ ਚਿੰਤਾ ਪ੍ਰਗਟਾਈ ਸੀ। ਆਸਾਮ ਨੂੰ ਲਿਖੀ ਚਿੱਠੀ ਵਿਚ ਆਹੂਜਾ ਨੇ ਕਿਹਾ ਹੈ ਕਿ ਇਨਫੈਕਸ਼ਨ ਦੇ ਹਫਤਾਵਾਰੀ ਮਾਮਲਿਆਂ ਵਿਚ 41 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਚਾਰ ਹਫਤਿਆਂ ਵਿਚ ਇਨਫੈਕਸ਼ਨ ਦੀ ਦਰ ਵੀ 1.89 ਫੀਸਦੀ ਤੋਂ ਵਧ ਕੇ 2.22 ਫੀਸਦੀ ਹੋ ਗਈ ਹੈ। ਉਕਤ ਦੋਹਾਂ ਸੂਬਿਆਂ ਵਿਚ ਕੋਰੋਨਾ ਦੀ ਜਾਂਚ ਘਟੀ ਹੈ।