ਬਿਨਾਂ ਡਾਟਾ ਵੇਖੇ ਕੋਵਿਸ਼ੀਲਡ ਲਾਉਣ ਦਾ ਹੁਕਮ ਦੇ ਕੇ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖੇਡ ਸਕਦੇ: SC

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਵੈਕਸੀਨ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਵਿਦੇਸ਼ ਯਾਤਰਾ ਕਰਨ ’ਚ ਸਮਰੱਥ ਬਣਾਉਣ ਲਈ ਕੋਵਿਸ਼ੀਲਡ ਦੀ ਖੁਰਾਕ ਲਾਉਣ ਦਾ ਕੇਂਦਰ ਨੂੰ ਹੁਕਮ ਦੇ ਕੇ ਉਹ ਲੋਕਾਂ ਦੀ ਜਾਨ ਨਾਲ ਖਿਲਵਾੜ ਨਹੀਂ ਕਰ ਸਕਦਾ। ਬੈਂਚ ਨੇ ਕਿਹਾ ਕਿ ਅਸੀਂ ਬਿਨਾਂ ਡਾਟਾ ਦੇ ਦੂਜਾ ਟੀਕਾ ਲਾਉਣ ਦਾ ਹੁਕਮ ਨਹੀਂ ਦੇ ਸਕਦੇ। ਅਸੀਂ ਤੁਹਾਡੀ ਚਿੰਤਾ ਸਮਝ ਰਹੇ ਹਾਂ ਪਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਜਵਾਬ ਦੀ ਉਡੀਕ ਕਰੋ।
ਅਦਾਲਤ ਨੇ ਇਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਕੋਵੈਕਸੀਨ ਨੂੰ ਡਬਲਯੂ. ਐੱਚ. ਓ. ਦੀ ਮਨਜ਼ੂਰੀ ਨਹੀਂ ਮਿਲੀ ਅਤੇ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਹਾਸਲ ਕਰਨ ’ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਚ ਨੇ ਕਿਹਾ ਕਿ ਅਦਾਲਤ ਕੋਲ ਇਸ ਸਬੰਧੀ ਅਜਿਹਾ ਕੋਈ ਅੰਕੜਾ (ਡਾਟਾ) ਨਹੀਂ ਕਿ ਲੋਕਾਂ ’ਤੇ ਕੀ ਅਸਰ ਪਵੇਗਾ। ਉਸ ਨੇ ਕਿਹਾ ਕਿ ਅਸੀਂ ਅਖਬਾਰਾਂ ਵਿਚ ਪੜ੍ਹਿਆ ਹੈ ਕਿ ਭਾਰਤ ਬਾਇਓਟੈੱਕ ਨੇ ਮਨਜ਼ੂਰੀ ਲਈ ਡਬਲਯੂ. ਐੱਚ. ਓ. ਕੋਲ ਅਰਜ਼ੀ ਦਿੱਤੀ ਹੈ। ਸਾਨੂੰ ਉਸ ਦੇ ਜਵਾਬ ਦੀ ਉਡੀਕ ਕਰਨੀ ਚਾਹੀਦੀ ਹੈ। ਅਸੀਂ ਇਸ ਵਿਸ਼ੇ ’ਤੇ ਦੀਵਾਲੀ ਦੀ ਛੁੱਟੀ ਤੋਂ ਬਾਅਦ ਵਿਚਾਰ ਕਰਾਂਗੇ।
ਓਧਰ ਵਿਅਕਤੀਗਤ ਰੂਪ ਨਾਲ ਪੇਸ਼ ਹੋਏ ਵਕੀਲ ਕਾਰਤਿਕ ਸੇਠ ਨੇ ਤਰਕ ਦਿੱਤਾ ਕਿ ਵਿਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਅਤੇ ਲੋਕਾਂ ਨੂੰ ਐਂਟਰੀ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਕਿਉਂਕਿ ਕੋਵੈਕਸੀਨ ਨੂੰ ਡਬਲਯੂ. ਐੱਚ. ਓ. ਤੋਂ ਮਾਨਤਾ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਵਸਥਾ ਤਹਿਤ ਕੋਵੈਕਸੀਨ ਦਾ ਟੀਕਾ ਲਾਉਣ ਵਾਲਾ ਵਿਅਕਤੀ ਕੋਵਿਸ਼ੀਲਡ ਵੈਕਸੀਨ ਲੈਣ ਲਈ ਕੋਵਿਨ ਪੋਰਟਲ ‘ਤੇ ਆਪਣਾ ਰਜਿਸਟਰੇਸ਼ਨ ਨਹੀਂ ਕਰਵਾ ਸਕਦਾ ਅਤੇ ਇਸ ਸਬੰਧ ਵਿਚ ਕੇਂਦਰ ਨੂੰ ਨਿਰਦੇਸ਼ ਜਾਰੀ ਕੀਤਾ ਜਾ ਸਕਦਾ ਹੈ। ਅਦਾਲਤ ਨੇ ਕਿਹਾ ਕਿ ਇਸ ਗੱਲ ਦੀ ਵੀ ਚਿੰਤਾ ਹੈ ਕਿ ਜਨਹਿੱਤ ਪਟੀਸ਼ਨ ਦੀ ਆੜ ਵਿਚ ਮੁਕਾਬਲੇਬਾਜ਼ ਮੁਕੱਦਮੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦੇ ਹਨ।