ਪੰਜਾਬ ਦੀ ਸਿਆਸਤ ‘ਚ ‘ਕੈਪਟਨ’ ਨੂੰ ਲੈ ਕੇ ਨਵੀਂ ਚਰਚਾ, ਹਾਈਕਮਾਨ ਕਰ ਰਹੀ ਮਨਾਉਣ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੂੰ ਲੈ ਕੇ ਇਕ ਨਵੀਂ ਚਰਚਾ ਸੁਣਨ ਨੂੰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਨਹੀਂ ਚਾਹੁੰਦੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਕਾਂਗਰਸ ਪਾਰਟੀ ਨੂੰ ਛੱਡਣ। ਸੂਤਰਾਂ ਮੁਤਾਬਕ ਹੁਣ ਖ਼ੁਦ ਹਾਈਕਮਾਨ ਕੈਪਟਨ ਨੂੰ ਮਨਾਉਣ ਦੀ ਤਿਆਰੀ ‘ਚ ਹੈ।
ਦਰਅਸਲ ਕਾਂਗਰਸ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਕੈਪਟਨ ਹੁਣ ਕਾਂਗਰਸ ਪਾਰਟੀ ਨੂੰ ਛੱਡਦੇ ਹਨ ਤਾਂ ਪੰਜਾਬ ‘ਚ ਪਾਰਟੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਕੈਪਟਨ ਨੇ ਪਹਿਲਾਂ ਹੀ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਸਾਫ਼ ਕਰ ਦਿੱਤਾ ਹੈ ਕਿ ਜੇਕਰ ਹਾਈਕਮਾਨ ਨੇ ਹੀ ਉਨ੍ਹਾਂ ਨੂੰ ਬਦਲਣ ਦਾ ਮਨ ਬਣਾ ਲਿਆ ਹੈ ਤਾਂ ਪਿੱਛੋਂ ਤਾਂ ਸਭ ਬਹਾਨੇ ਹਨ। ਦੂਜੇ ਪਾਸੇ ਨਵਜੋਤ ਸਿੱਧੂ ਨੇ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਉਸ ਤੋਂ ਕਾਂਗਰਸ ਪਹਿਲਾਂ ਹੀ ਨਾਰਾਜ਼ ਹੈ।
ਨਵਜੋਤ ਸਿੱਧੂ ਪਾਰਟੀ ਦੇ ਪ੍ਰੋਗਰਾਮਾਂ ‘ਚ ਹਿੱਸਾ ਤਾਂ ਲੈ ਰਹੇ ਹਨ ਪਰ ਕਾਂਗਰਸ ਭਵਨ ਨਹੀਂ ਜਾ ਰਹੇ। ਅਜਿਹੇ ‘ਚ ਕਾਂਗਰਸ ਵੀ ਮੁਲਾਂਕਣ ਕਰ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਨਾਲ ਪਾਰਟੀ ਨੂੰ ਕਿੰਨਾ ਨੁਕਸਾਨ ਹੋਵੇਗਾ ਅਤੇ ਸਿੱਧੂ ਦੇ ਜਾਣ ਨਾਲ ਕਿੰਨਾ ਨੁਕਸਾਨ ਹੋਵੇਗਾ।
ਕਾਂਗਰਸ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਚਲੇ ਜਾਂਦੇ ਹਨ ਤਾਂ ਭਾਜਪਾ ਨੂੰ ਬੈਠੇ-ਬਿਠਾਏ ਇਕ ਵੱਡਾ ਸਿੱਖ ਚਿਹਰਾ ਮਿਲ ਜਾਵੇਗਾ, ਜਿਸ ਦੀ ਕੌਮੀ ਪੱਧਰ ‘ਤੇ ਵੀ ਪਛਾਣ ਹੈ। ਇਸੇ ਕਾਰਨ ਹੁਣ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਮਨਾਉਣਾ ਚਾਹੁੰਦੀ ਹੈ।