ਅੱਧਾ ਅਧੂਰਾ ਖੁੱਲ੍ਹਿਆ ਟਿਕਰੀ ਬਾਰਡਰ, ਸਿਰਫ਼ ਮੋਟਰਸਾਈਕਲ ਅਤੇ ਐਂਬੂਲੈਂਸ ਨੂੰ ਦਿੱਤਾ ਜਾਵੇਗਾ ਰਾਹ

ਨਵੀਂ ਦਿੱਲੀ/ਹਰਿਆਣਾ— ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਡਟੇ ਹੋਏ ਹਨ। ਪਿਛਲੇ ਕਰੀਬ 11 ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰਾਂ ’ਤੇ ਡਟੇ ਹੋਏ ਹਨ। ਇਸ ਦਰਮਿਆਨ ਟਿਕਰੀ ਬਾਰਡਰ ਅੱਧਾ ਅਧੂਰਾ ਸ਼ਰਤਾਂ ਨਾਲ ਖੁੱਲ੍ਹਿਆ ਹੈ। ਬਾਰਡਰ ’ਤੇ ਸਿਰਫ਼ ਮੋਟਰਸਾਈਕਲ ਅਤੇ ਐਂਬੂਲੈਂਸ ਨੂੰ ਰਾਹ ਦਿੱਤਾ ਜਾਵੇਗਾ, ਜਦਕਿ ਗੱਡੀਆਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ। ਟਿਕਰੀ ਬਾਰਡਰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇਗਾ। ਇਸ ਦਾ ਫ਼ੈਸਲਾ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਹੋਈ ਬੈਠਕ ਤੋਂ ਬਾਅਦ ਲਿਆ ਗਿਆ। ਗੱਡੀਆਂ ਦੀ ਆਵਾਜਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਬੈਠਕ ’ਚ ਫ਼ੈਸਲਾ ਲੈ ਸਕਦਾ ਹੈ।
ਕਿਸਾਨ ਅੰਦੋਲਨ ਦੇ ਚੱਲਦੇ ਪੁਲਸ ਨੇ ਬੰਦ ਇਨ੍ਹਾਂ ਬਾਰਡਰਾਂ ਨੂੰ ਬੰਦ ਕਰ ਦਿੱਤਾ ਸੀ, ਉੱਥੇ ਬੈਰੀਕੇਡਜ਼ ਲਾ ਦਿੱਤੇ ਸਨ। ਬੀਤੇ ਦਿਨ ਬੈਰੀਕੇਡਜ਼ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਵਿਚਾਲੇ ਹੀ ਰਾਹ ਖੋਲ੍ਹਣ ਦਾ ਕੰਮ ਰੋਕ ਦਿੱਤਾ ਗਿਆ। ਕੁਝ ਬੈਰੀਕੇਡਜ਼ ਹਟਾਏ ਗਏ ਪਰ ਇਸ ਤੋਂ ਬਾਅਦ ਰੋਕ ਦਿੱਤਾ ਗਿਆ। ਬੈਰੀਕੇਡਜ਼ ਦੇ ਦੂਜੇ ਪਾਸੇ ਅੰਦੋਲਨਕਾਰੀ ਕਿਸਾਨਾਂ ਦਾ ਟੈਂਟ ਵੀ ਲੱਗਾ ਹੋਇਆ ਹੈ। ਅਜੇ ਵੀ ਬਾਰਡਰ ’ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਤਾਇਨਾਤ ਹੈ।