ਨਵੀਂ ਦਿੱਲੀ—ਲਖੀਮਪੁਰ ਖੀਰੀ ਹਿੰਸਾ ਮਾਮਲੇ ’ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਅਦਾਲਤ ਨੇ ਉੱਤਰ ਪ੍ਰਦੇਸ਼ ਪੁਲਸ ਨੂੰ ਇਸ ਹਿੰਸਾ ਮਾਮਲੇ ਵਿਚ ਦੂਜੀ ਐੱਫ. ਆਈ. ਆਰ. ਦੀ ਜਾਂਚ ’ਤੇ ਇਕ ਵੱਖਰੀ ਰਿਪੋਰਟ ਮੰਗੀ, ਜਿਸ ’ਚ ਇਕ ਪੱਤਰਕਾਰ ਸਮੇਤ 4 ਕਿਸਾਨ ਮਾਰੇ ਗਏ ਹਨ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਗਵਾਹਾਂ ਨੂੰ ਸੁਰੱਖਿਆ ਦੇਣ ਦਾ ਵੀ ਹੁਕਮ ਦਿੱਤਾ ਹੈ। ਅਦਾਲਤ ਨੇ ਯੂ. ਪੀ. ਸਰਕਾਰ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਇਸ ਮਾਮਲੇ ਵਿਚ ਵੱਖ ਤੋਂ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਤੈਅ ਕਰਦੇ ਹੋਏ ਸੂਬੇ ਨੂੰ ਮਾਮਲੇ ਵਿਚ ਵੱਖ-ਵੱਖ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸੁਣਵਾਈ ਦੌਰਾਨ ਜਸਟਿਸ ਸੂਰਈਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਮਾਮਲੇ ਵਿਚ ਸਬੂਤ ਜਮਾਂ ਕਰਨ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਲਈ ਮਾਮਲੇ ਵਿਚ ਡਿਜੀਟਲ ਸਬੂਤ ਦੀ ਜਾਂਚ ਕਰਨ ਵਾਲੀ ਫੋਰੈਂਸਿਕ ਲੈਬੋਰਟਰੀ ਦੀ ਵੀ ਮੰਗ ਕੀਤੀ। ਬੈਂਚ ਨੇ ਹੈਰਾਨੀ ਵੀ ਜ਼ਾਹਰ ਕੀਤੀ ਕਿ 4,000-5,000 ਲੋਕਾਂ ਦੀ ਭੀੜ ’ਚ ਸਿਰਫ 23 ਲੋਕ ਹੀ ਇਸ ਘਟਨਾ ਦੇ ਚਸ਼ਮਦੀਦ ਹਨ, ਜਿੱਥੇ ਕਾਰ ਜ਼ਰੀਏ ਕਿਸਾਨਾਂ ਨੂੰ ਕੁਚਲਿਆ ਗਿਆ ਸੀ। ਚੀਫ਼ ਜਸਟਿਸ ਨੇ ਸਵਾਲ ਕੀਤਾ ਕਿ ਰੈਲੀ ’ਚ ਸੈਂਕੜੇ ਕਿਸਾਨ ਸਨ, ਉੱਥੇ ਸਿਰਫ 23 ਲੋਕ ਹੀ ਸਨ? ਚੀਫ਼ ਜਸਟਿਸ ਨੇ ਕਿਹਾ ਕਿ ਹਰ ਪਹਿਲੂ ਅਤੇ ਸੰਭਾਵਨਾ ਨੂੰ ਲੱਭੋ ਅਤੇ ਜਾਂਚ ਨੂੰ ਅੱਗੇ ਵਧਾਓ। ਸਾਲਵੇ ਨੇ ਕਿਹਾ ਕਿ 68 ਵਿਚੋਂ 30 ਗਵਾਹਾਂ ਨੇ 164 ਸੀ. ਆਰ. ਪੀ. ਸੀ. ਤਹਿਤ ਆਪਣੇ ਬਿਆਨ ਦਰਜ ਕੀਤੇ ਹਨ। ਇਨ੍ਹਾਂ ’ਚੋਂ 23 ਚਸ਼ਮਦੀਦ ਹਨ। ਸਾਲਵੇ ਨੇ ਕਿਹਾ ਕਿ ਮੈਂ ਇਸ ਮਾਮਲੇ ਨਾਲ ਸਬੰਧਤ ਸਬੂਤ ਸੀਲ-ਬੰਦ ਲਿਫ਼ਾਫੇ ਵਿਚ ਦਾਖਲ ਕਰਨਾ ਚਾਹਾਂਗਾ। ਉਨ੍ਹਾਂ ਕਿਹਾ ਕਿ 16 ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ।
ਦੱਸਣਯੋਗ ਹੈ ਕਿ ਇਸ ਘਟਨਾ ’ਚ 4 ਕਿਸਾਨਾਂ ਅਤੇ ਇਕ ਸਥਾਨਕ ਪੱਤਰਕਾਰ ਸਮੇਤ ਕੁੱਲ 8 ਲੋਕ ਮਾਰੇ ਗਏ ਸਨ। ਕੇਂਦਰੀ ਸਿਹਤ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਇਕ ਕਾਰ ਨੇ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਆਸ਼ੀਸ਼ ਮਿਸ਼ਰਾ ਇਸ ਸਮੇਂ ਪੁਲਸ ਹਿਰਾਸਤ ਵਿਚ ਹੈ।