ਦੁਬਈ – ਅਮਰੀਕਾ ਅਤੇ ਸਾਊਦੀ ਅਰਬ ਵੱਲੋਂ ਅੱਤਵਾਦ ਵਿਰੋਧੀ ਸਾਂਝੀਆਂ ਕੋਸ਼ਿਸ਼ਾਂ ਦੀ ਨਿਗਰਾਨੀ ਵਿੱਚ ਮਦਦ ਕਰਨ ਵਾਲੇ ਸਾਬਕਾ ਸੀਨੀਅਰ ਸਾਊਦੀ ਸੁਰੱਖਿਆ ਅਧਿਕਾਰੀ ਨੇ ਦੋਸ਼ ਲਾਇਆ ਹੈ ਕਿ ਦੇਸ਼ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਆਪਣੇ ਪਿਤਾ ਦੇ ਬਾਦਸ਼ਾਹ ਬਣਨ ਤੋਂ ਪਹਿਲਾਂ ਉਸ ਸਮੇਂ ਦੇ ਬਾਦਸ਼ਾਹ ਦੇ ਕਤਲ ਕਰਨ ਦੀ ਗੱਲ ਕਹੀ ਸੀ। ਹਾਲਾਂਕਿ, ਸਾਬਕਾ ਅਧਿਕਾਰੀ ਸਾਦ ਅਲ-ਜਬਰੀ ਨੇ ਐਤਵਾਰ ਨੂੰ ਸੀਬੀਐਸ ਨਿਊਜ਼ ਦੁਆਰਾ ਪ੍ਰਸਾਰਿਤ ਪ੍ਰੋਗਰਾਮ ’60 ਮਿੰਟ’ ਵਿਚ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੇ ਦਾਅਵੇ ਦਾ ਸਮਰਥਨ ਵਿਚ ਕੋਈ ਸਬੂਤ ਨਹੀਂ ਦਿੱਤਾ।
ਸਾਬਕਾ ਖੁਫੀਆ ਅਧਿਕਾਰੀ ਕੈਨੇਡਾ ਵਿਚ ਜਲਾਵਤਨੀ ਦੀ ਜ਼ਿੰਦਗੀ ਜੀਅ ਰਹੇ ਹਨ। ਉਹਨਾਂ ਨੇ ਦੋਸ਼ ਲਾਇਆ ਕਿ 2014 ਵਿੱਚ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਸੀ ਕਿ ਉਹ ਕਿੰਗ ਅਬਦੁੱਲਾ ਦਾ ਕਤਲ ਕਰ ਸਕਦੇ ਹਨ। ਉਸ ਸਮੇਂ, ਪ੍ਰਿੰਸ ਮੁਹੰਮਦ ਸਰਕਾਰ ਵਿੱਚ ਕਿਸੇ ਵੀ ਸੀਨੀਅਰ ਭੂਮਿਕਾ ਵਿੱਚ ਨਹੀਂ ਸਨ। ਕਿੰਗ ਅਬਦੁੱਲਾ ਦੀ ਮੌਤ ਤੋਂ ਬਾਅਦ, ਜਨਵਰੀ 2015 ਵਿੱਚ ਉਨ੍ਹਾਂ ਦੀ ਥਾਂ ਕਿੰਗ ਸਲਮਾਨ ਨੇ ਸੰਭਾਲੀ ਸੀ। ਅਲ-ਜਬਰੀ ਨੇ ਇਸ ਇੰਟਰਵਿਊ ਦੇ ਜ਼ਰੀਏ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਕੋਲ ਇੱਕ ਵੀਡੀਓ ਹੈ ਜੋ ਸ਼ਾਹੀ ਪਰਿਵਾਰ ਅਤੇ ਅਮਰੀਕਾ ਨਾਲ ਜੁੜੇ ਕਈ ਰਾਜ਼ ਦਾ ਖੁਲਾਸਾ ਕਰਦਾ ਹੈ।
ਅਲ-ਜਾਬਰੀ (62) ਨੇ ਕਿਹਾ,“ਕ੍ਰਾਊਨ ਪ੍ਰਿੰਸ ਉਦੋਂ ਤੱਕ ਚੁੱਪ ਨਹੀਂ ਬੈਠਣਗੇ ਜਦੋਂ ਤੱਕ ਉਹ ਮੈਨੂੰ ਮਰਦੇ ਹੋਏ ਨਹੀਂ ਵੇਖਦੇ ਕਿਉਂਕਿ ਉਹ ਮੇਰੇ ਕੋਲ ਮੌਜੂਦ ਜਾਣਕਾਰੀ ਤੋਂ ਡਰਦਾ ਹੈ।” ਅਲ-ਜਾਬਰੀ ਨੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ‘ਮਨੋਰੋਗ, ਕਾਤਲ’ ਕਰਾਰ ਦਿੱਤਾ। ਇਸ ਦੇ ਨਾਲ ਹੀ, ਸਾਊਦੀ ਸਰਕਾਰ ਨੇ ਸੀਬੀਐਸ ਨਿਊਜ਼ ਨੂੰ ਦੱਸਿਆ ਕਿ ਅਲ-ਜਬਰੀ ਇੱਕ ਬਦਨਾਮ ਸਾਬਕਾ ਸਰਕਾਰੀ ਅਧਿਕਾਰੀ ਹੈ ਜਿਸ ਦਾ ਆਪਣੇ ਵਿੱਤੀ ਅਪਰਾਧਾਂ ਨੂੰ ਲੁਕਾਉਣ ਲਈ ਮਨਘੜਤ ਕਹਾਣੀਆਂ ਅਤੇ ਧਿਆਨ ਭਟਕਾਉਣ ਦਾ ਲੰਬਾ ਇਤਿਹਾਸ ਰਿਹਾ ਹੈ।” ਸਰਕਾਰ ਨੇ ਅਲ-ਜਬਰੀ ਦੀ ਹਵਾਲਗੀ ਦੀ ਬੇਨਤੀ ਕੀਤੀ ਹੈ ਅਤੇ ਇੰਟਰਪੋਲ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਦੋਸ਼ ਲਗਾਇਆ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਲੋੜੀਂਦਾ ਹੈ, ਜਦੋਂ ਕਿ ਅਲ-ਜਾਬਰੀ ਦਾ ਦਾਅਵਾ ਹੈ ਕਿ ਉਸਨੇ ਸ਼ਾਹ ਦੀ ਸੇਵਾ ਦੌਰਾਨ ਇਹ ਦੌਲਤ ਹਾਸਲ ਕੀਤੀ ਸੀ।