ਨਵੀਂ ਦਿੱਲੀ– ਕਾਂਗਰਸ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਐਤਵਾਰ ਨੂੰ ਕੇਂਦਰ ’ਤੇ ਨਿਸ਼ਾਨਾ ਵਿੰਨ੍ਹਿਆ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਤੰਜ ਕਸਦੇ ਹੋਏ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ’ਤੇ ‘ਟੈਕਸ ਡਾਕਾ’ ਵਧ ਰਿਹਾ ਹੈ ਅਤੇ ਜੇਕਰ ਕਿਤੇ ਚੋਣਾਂ ਹੁੰਦੀਆਂ ਹਨ ਤਾਂ ਇਸ ਤੋਂ ਕੁਝ ਰਾਹਤ ਮਿਲ ਜਾਵੇਗੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਨਤਾ ਨੂੰ ਦੁਖ ਦੇਣ ਦੇ ਰਿਕਾਰਡ ਬਣਾਏ ਹਨ। ਪ੍ਰਿਯੰਕਾ ਗਾਂਧੀ ਨੇ ਟਵਿਟਰ ’ਤੇ ਇਕ ਮੀਡੀਆ ਰਿਪੋਰਟ ਨੂੰ ਟੈਗ ਕੀਤਾ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਪੈਟਰੋਲ ਦੀਆਂ ਕੀਮਤਾਂ ’ਚ ਰਿਕਾਰਡ 23.53 ਰੁਪਏ ਦਾ ਵਾਧਾ ਹੋਇਆ ਹੈ।
ਪ੍ਰਿਯੰਕਾ ਗਾਂਧੀ ਨੇ ਇਕ ਟਵੀਟ ’ਚ ਕਿਹਾ ਕਿ ਮੋਦੀ ਜੀ ਦੀ ਸਰਕਾਰ ਨੇ ਜਨਤਾ ਨੂੰ ਦੁਖ ਦੇਣ ਦੇ ਮਾਮਲੇ ’ਚ ਵੱਡੇ-ਵੱਡੇ ਰਿਕਾਰਡ ਬਣਾਏ ਹਨ। ਸਭ ਤੋਂ ਜ਼ਿਆਦਾ ਬੇਰੋਜ਼ਗਾਰੀ: ਮੋਦੀ ਸਰਕਾਰ ’ਚ, ਸਰਕਾਰੀ ਜਾਇਦਾਦਾਂ ਵਿਕ ਰਹੀਆਂ: ਮੋਦੀ ਸਰਕਾਰ ’ਚ, ਪੈਟਰੋਲ ਦੀਆਂ ਕੀਮਤਾਂ ਇਕ ਸਾਲ ’ਚ ਸਭ ਤੋਂ ਜ਼ਿਆਦਾ ਵਧੀਆਂ: ਮੋਦੀ ਸਰਕਾਰ ’ਚ।’ ਉਥੇ ਹੀ ਰਾਹੁਲ ਗਾਂਧੀ ਨੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕੀਤਾ, ‘ਪੈਟਰੋਲ ਦੀਆਂ ਕੀਮਤਾਂ ’ਤੇ ਟੈਕਸ ਡਾਟਾ ਵਾਧਦਾ ਜਾ ਰਿਹਾ ਹੈ। ਕਿਤੇ ਚੋਣਾਂ ਹੋਣ ਤਾਂ ਥੋੜ੍ਹੀ ਰੋਕ ਲੱਗੇ।’ ਉਨ੍ਹਾਂ ਆਪਣੇ ਟਵੀਟ ਦੇ ਨਾਲ ਹੈਸ਼ਟੈਗ ‘ਟੈਕਸ ਐਕਸਟਾਰਸ਼ਨ’ ਦਾ ਇਸਤੇਮਾਲ ਕੀਤਾ।