ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ’ਚ ਸ਼ਨੀਵਾਰ ਰਾਤ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋਇਆ, ਜਿਸ ਕਾਰਨ ਐਤਵਾਰ ਸ਼ਾਮ ਤੱਕ ਮੀਂਹ ਪੈਂਦਾ ਰਿਹਾ। ਦੁਪਹਿਰ ਤੱਕ ਸ਼ਹਿਰ ’ਚ 17.8 ਐੱਮ. ਐੱਮ. ਮੀਂਹ ਵਿਭਾਗ ਨੇ ਦਰਜ ਕੀਤਾ, ਜਦੋਂ ਕਿ 24 ਘੰਟਿਆਂ ’ਚ ਸ਼ਹਿਰ ’ਚ 27. 2 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ। 8 ਸਾਲ ਬਾਅਦ ਸ਼ਹਿਰ ’ਚ ਅਕਤੂਬਰ ’ਚ ਇੰਨਾ ਮੀਂਹ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ 2013 ’ਚ 35.7 ਐੱਮ. ਐੱਮ. ਮੀਂਹ ਪਿਆ ਸੀ। ਮੀਂਹ ਨਾਲ ਦੋ ਦਿਨਾਂ ’ਚ ਦਿਨ ਦਾ ਉਪਰਲਾ ਤਾਪਮਾਨ 12 ਡਿਗਰੀ ਡਿੱਗ ਗਿਆ।
ਐਤਵਾਰ ਵੱਧ ਤੋਂ ਵੱਧ ਤਾਪਮਾਨ 19.3 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਕਿ ਪਿਛਲੇ 11 ਸਾਲਾਂ ’ਚ ਪਹਿਲੀ ਵਾਰ ਹੈ। ਮੌਸਮ ਵਿਭਾਗ 2011 ਤੋਂ ਮੌਸਮ ਦਾ ਡਾਟਾ ਮੇਨਟੇਨ ਕਰ ਰਿਹਾ ਹੈ। ਵਿਭਾਗ ਮੁਤਾਬਕ ਅਕਤੂਬਰ ’ਚ ਇੰਨਾ ਘੱਟ ਉੱਪਰਲਾ ਤਾਪਮਾਨ ਪਹਿਲੀ ਵਾਰ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਦੀ 18 ਤਾਰੀਖ਼ ਨੂੰ ਵੀ ਸਭ ਤੋਂ ਘੱਟ ਉੱਪਰਲਾ ਤਾਪਮਾਨ 24 ਡਿਗਰੀ ਦਰਜ ਹੋਇਆ ਸੀ।
ਇਸ ਤੋਂ ਪਹਿਲਾਂ 2015, 2014 ਅਤੇ 2013 ’ਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੱਕ ਰਿਕਾਰਡ ਹੋਇਆ ਪਰ 19.3 ਡਿਗਰੀ ਤੱਕ ਪਹਿਲੀ ਵਾਰ ਪਹੁੰਚਿਆ ਹੈ। ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਉਸ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਘੱਟੋ-ਘੱਟ ਤਾਪਮਾਨ 16.2 ਦਰਜ ਹੋਇਆ, ਜੋ ਕਿ ਸ਼ਨੀਵਾਰ 19.6 ਡਿਗਰੀ ਸੀ। ਤਿੰਨ ਸਾਲ ਬਾਅਦ ਪਹਿਲੀ ਵਾਰ ਸਭ ਤੋਂ ਘੱਟ ਹੇਠਲਾ ਤਾਪਮਾਨ ਅਕਤੂਬਰ ’ਚ ਦਰਜ ਹੋਇਆ। ਇਸ ਤੋਂ ਪਹਿਲਾਂ 2018 ’ਚ 12.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਸੀ। ਮੋਹਾਲੀ ’ਚ 24 ਐੱਮ. ਐੱਮ ਮੀਂਹ ਪਿਆ।
ਅੱਜ ਤੋਂ ਮੌਸਮ ਰਹੇਗਾ ਸਾਫ਼
ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਸ਼ਹਿਰ ’ਚ ਵੈਸਟਰਨ ਡਿਸਟਰਬੈਂਸ ਸਰਗਰਮ ਸੀ। ਬੰਗਾਲ ਦੀ ਖਾੜੀ ’ਚ ਦਬਾਅ ਬਣਨ ਕਾਰਨ ਮੀਂਹ ਪਿਆ। ਤਾਪਮਾਨ ’ਚ ਇਕਦਮ ਗਿਰਾਵਟ ਆਈ। ਸੋਮਵਾਰ ਤੋਂ ਮੌਸਮ ਸਾਫ਼ ਰਹੇਗਾ। ਤਾਪਮਾਨ ’ਚ ਥੋੜ੍ਹਾ ਵਾਧਾ ਰਿਕਾਰਡ ਹੋਵੇਗਾ। ਸਰਦੀ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ’ਚ ਖ਼ੁਦ ਹੀ ਪਾਰਾ ਹੇਠਾਂ ਜਾਵੇਗਾ।