ਬੇਅਦਬੀ ਮਾਮਲਾ: ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਭਗੌੜੇ ਮੁਲਜ਼ਮਾਂ ਦਾ ਲੁਕ ਆਊਟ ਨੋਟਿਸ ਜਾਰੀ

ਫ਼ਰੀਦਕੋਟ : ਡੇਰਾ ਸੱਚਾ ਸੌਦਾ ਸਿਰਸਾ ਦੀ ਕੌਮੀ ਕਮੇਟੀ ਦੇ ਭਗੌੜੇ ਤਿੰਨ ਮੁਲਜ਼ਮਾਂ ਦਾ ਕੋਈ ਸੁਰਾਗ ਨਾ ਲੱਗਣ ’ਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਵੱਲੋਂ ਇਨ੍ਹਾਂ ਦਾ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਮੁਲਜ਼ਮ ਹਰਸ਼ ਧੂਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ ਜ਼ਿਲ੍ਹਾ ਸੰਗਰੂਰ ਹਾਲ ਵਾਸੀ ਡੇਰਾ ਸੱਚਾ ਸੌਦਾ ਬੇਗੂ ਰੋਡ ਸਿਰਸਾ, ਸੰਦੀਪ ਬਰੇਟਾ ਪੁੱਤਰ ਓਮ ਪ੍ਰਕਾਸ਼ ਵਾਸੀ ਬਰੇਟਾ ਮੰਡੀ ਜ਼ਿਲ੍ਹਾ ਮਾਨਸਾ ਹਾਲ ਵਾਸੀ ਸ਼ਾਹ ਸਤਨਾਮ ਨਗਰ ਡੇਰਾ ਸੱਚਾ ਸੌਦਾ ਸਿਰਸਾ ਅਤੇ ਪ੍ਰਦੀਪ ਕਲੇਰ ਪੁੱਤਰ ਚਾਂਦੀ ਰਾਮ ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ ਡੇਰਾ ਸੱਚਾ ਸੌਦਾ ਸਿਰਸਾ ਜਿਨ੍ਹਾਂ ਨੂੰ ਬੇਅਦਬੀ ਦੀਆਂ ਤਿੰਨੇ ਘਟਨਾਵਾਂ, 1 ਜੂਨ 2015 ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰਨ, 24 ਸਤੰਬਰ 2015 ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਬਾਹਰ ਹੱਥ ਲਿਖ਼ਤ ਵਿਵਾਦਿਤ ਪੋਸਟਰ ਲਾਉਣ ਅਤੇ ਫਿਰ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਖਿਲਾਰਣ ਜਿਸ ਵਿੱਚ ਡੇਰਾ ਸਿਰਸਾ ਮੁਖੀ ਵੀ ਸ਼ਾਮਲ ਹੈ ਨਾਮਜ਼ਦ ਕੀਤਾ ਹੋਇਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਉਸ ਵੇਲੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਇਨ੍ਹਾਂ ਘਟਨਾਵਾਂ ਦੀ ਜਾਂਚ ਪਹਿਲਾਂ ਸੀ.ਬੀ.ਆਈ ਨੂੰ ਸੌਂਪੀ ਗਈ ਸੀ ਅਤੇ ਸੀ.ਬੀ.ਆਈ ਵੱਲੋਂ ਇਸ ਮਾਮਲੇ ਵਿੱਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ’ਤੇ ਵਿਵਾਦ ਖੜ੍ਹਾ ਹੋਣ ’ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਇਨ੍ਹਾਂ ਮਾਮਲਿਆਂ ਦੀ ਜਾਂਚ ਪੰਜਾਬ ਪੁਲਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਸੌਂਪ ਦਿੱਤੀ ਗਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਉਕਤ ਤਿੰਨੇ ਭਗੌੜੇ ਮੁਲਜ਼ਮ ਨਾ ਕੇਵਲ ਇਨ੍ਹਾਂ ਤਿੰਨਾਂ ਬੇਅਦਬੀ ਮਾਮਲਿਆਂ ਦੇ ਮੁਲਜ਼ਮ ਹਨ ਬਲਕਿ ਅਕਤੂਬਰ 2015 ਵਿੱਚ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਵਿਖੇ ਵਾਪਰੀਆਂ ਬੇਅਦਬੀ ਦੋ ਹੋਰ ਬੇਅਦਬੀ ਦੀਆਂ ਘਟਨਾਵਾਂ ਵਿੱਚ ਵੀ ਨਾਮਜ਼ਦ ਹਨ ਅਤੇ ਇਨ੍ਹਾਂ ਵਿੱਚ ਵੀ ਇਨ੍ਹਾਂ ਮੁਲਜ਼ਮਾਂ ਨੂੰ ਭਗੌੜੇ ਐਲਾਨਿਆਂ ਜਾ ਚੁੱਕਾ ਹੈ।