ਬਲੈਕ ਫੰਗਸ ਨਾਲ ਪਤਨੀ ਦੀ ਮੌਤ, ਦੁਖੀ ਪਤੀ ਨੇ 4 ਬੱਚਿਆਂ ਸਮੇਤ ਕੀਤੀ ਖ਼ੁਦਕੁਸ਼ੀ

ਬੇਲਾਗਵੀ— ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਵਿਚ ਬਲੈਕ ਫੰਗਸ ਨਾਲ ਆਪਣੀ ਪਤਨੀ ਦੀ ਮੌਤ ਦਾ ਦਰਦ ਸਹਿਣ ਨਾ ਕਰ ਸਕਣ ਕਾਰਨ ਸੇਵਾਮੁਕਤ ਫ਼ੌਜੀ ਅਤੇ ਉਸ ਦੇ 4 ਬੱਚਿਆਂ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਘਟਨਾ ਹੁੱਕੇਰੀ ਤਾਲੁਕ ਦੇ ਬੋਰਾਗਲ ਪਿੰਡ ਦੀ ਹੈ। ਮਿ੍ਰਤਕਾਂ ਦੀ ਪਹਿਚਾਣ ਗੋਪਾਲ ਹਾਦਿਮਾਨੀ (46), ਉਨ੍ਹਾਂ ਦੇ ਬੱਚੇ- ਸੌਮਿਆ (19), ਸ਼ਵੇਤਾ (16), ਸਾਕਸ਼ੀ (11) ਅਤੇ ਸਰਜਨ (8) ਦੇ ਰੂਪ ’ਚ ਹੋਈ ਹੈ।
ਪੁਲਸ ਮੁਤਾਬਕ ਗੋਪਾਲ ਨੇ ਆਪਣੇ ਬੱਚਿਆਂ ਨਾਲ ਸ਼ੁੱਕਰਵਾਰ ਦੀ ਰਾਤ ਨੂੰ ਜ਼ਹਿਰ ਖਾ ਲਿਆ। ਅੱਜ ਸਵੇਰੇ ਜਦੋਂ ਘਰ ’ਚੋਂ ਕੋਈ ਬਾਹਰ ਨਹੀਂ ਵੇਖਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦੱਸਿਆ ਕਿ ਗੋਪਾਲ ਦੀ ਪਤਨੀ ਜਯਾ ਕੋਵਿਡ-19 ਤੋਂ ਪੀੜਤ ਸੀ ਅਤੇ ਬਲੈਕ ਫੰਗਸ ਹੋਣ ਕਾਰਨ 6 ਜੁਲਾਈ ਨੂੰ ਉਸ ਦੀ ਮੌਤ ਹੋ ਗਈ ਸੀ।
ਪਤਨੀ ਦੀ ਅਚਾਨਕ ਮੌਤ ਦਾ ਦਰਦ ਸਹਿਣ ਨਾ ਕਰ ਸਕਣ ਕਾਰਨ ਗੋਪਾਲ ਨੇ ਆਪਣੇ ਬੱਚਿਆਂ ਨਾਲ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਇਕ ਰਿਸ਼ਤੇਦਾਰ ਨੇ ਪੁਲਸ ਨੂੰ ਦੱਸਿਆ ਕਿ ਗੋਪਾਲ ਅਤੇ ਉਸ ਦੇ ਬੱਚੇ ਅਕਸਰ ਕਹਿੰਦੇ ਸਨ ਕਿ ਉਹ ਜਯਾ ਦੇ ਬਿਨਾਂ ਨਹੀਂ ਰਹਿ ਸਕਦੇ। ਓਧਰ ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।