ਧਾਰਨਾਵਾਂ ਦੀਆਂ ਬੇੜੀਆਂ ’ਚ ਗੁਆਚ ਰਿਹੈ ਬਚਪਨ : ਮਨੀਸ਼ ਸਿਸੋਦੀਆ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੱਚਿਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਬੱਚਿਆਂ ਦਾ ਬਚਪਨ ਧਾਰਨਾਵਾਂ ਦੀਆਂ ਬੇੜੀਆਂ ’ਚ ਗੁਆਚ ਰਿਹਾ ਹੈ ਅਤੇ ਇਨ੍ਹਾਂ ਨੂੰ ਤੋੜਨ ਦੀ ਜ਼ਰੂਰਤ ਹੈ। ਉੱਪ ਮੁੱਖ ਮੰਤਰੀ ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਡੀ.ਸੀ.ਪੀ.ਸੀ.ਆਰ.) ਵਲੋਂ ਬੱਚਿਆਂ ਦੇ ਜੀਵਨ ’ਤੇ ਚਿਲਡਰਨ ਫਰਸਟ-ਜਰਨਲ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਮੈਗਜ਼ੀਨ ਦਾ ਪਹਿਲਾ ਅੰਕ ਬੱਚਿਆਂ ਦੇ ਜੀਵਨ ’ਤੇ ਕੋਰੋਨਾ ਮਹਾਮਾਰੀ ਦੇ ਪ੍ਰਭਾਵ ’ਤੇ ਆਧਾਰਤ ਹੈ।
ਸਿਸੋਦੀਆ ਨੇ ਸਮਾਰੋਹ ’ਚ ਕਿਹਾ,‘‘ਅਸੀਂ ਪਿਆਰ, ਦੇਖਭਾਲ ਅਤੇ ਸਨੇਹ ਦੇ ਨਾਮ ’ਤੇ ਆਪਣੀਆਂ ਧਾਰਨਾਵਾਂ, ਆਪਣੇ ਵਿਚਾਰਾਂ ਅਤੇ ਪਰੰਪਰਾਵਾਂ ਨੂੰ ਬੱਚਿਆਂ ’ਤੇ ਥੋਪਦੇ ਹਾਂ। ਇਨ੍ਹਾਂ ਧਾਰਨਾਵਾਂ ਦੇ ਪਿੰਜਰਿਆਂ ’ਚ ਬਚਪਨ ਗੁਆਚ ਰਿਹਾ ਹੈ ਅਤੇ ਸਾਨੂੰ ਇਨ੍ਹਾਂ ਸਲਾਖਾਂ ਨੂੰ ਤੋੜਨ ਦੀ ਜ਼ਰੂਰਤ ਹੈ।’’ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸੁਪਰੀਮ ਕੋਰਟ ਦੇ ਜੱਜ ਰਵਿੰਦਰ ਭੱਟ ਨੇ ਰੇਖਾਂਕਿਤ ਕੀਤਾ ਕਿ ਪਹਿਲ ਦੇ ਤੌਰ ’ਤੇ ਦੇਖਭਾਲ ਕਰਨ ਵਾਲੇ ਆਪਣਿਆਂ ਨੂੰ ਗੁਆਉਣ ਵਾਲੇ ਬੱਚਿਆਂ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਵੱਲ ਮੈਗਜ਼ੀਨ ਨੇ ਧਿਆਨ ਖਿੱਚਿਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਬੀ ਲੋਕੁਰ ਇਸ ਮੈਗਜ਼ੀਨ ਦੇ ਸਲਾਹਕਾਰ ਬੋਰਡ ਦੇ ਮੈਂਬਰ ਹਨ। ਉਨ੍ਹਾਂ ਨੇ ਪ੍ਰੋਗਰਾਮ ’ਚ ਭਵਿੱਖ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ।