ਕੋਚੀ ਕੇਰਲ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਜਨਾਨੀ ਜਾਂ ਕੁੜੀ ਨਾਲ ਸੈਕਸ ਸਬੰਧ ਬਣਾਉਣ ਦਾ ਆਦੀ ਹੋਣਾ ਕਿਸੇ ਵਿਅਕਤੀ ਲਈ ਜਬਰ-ਜ਼ਨਾਹ ਦੇ ਮਾਮਲੇ ’ਚ ਦੋਸ਼ ਮੁਕਤ ਹੋਣ ਦਾ ਕਾਰਣ ਨਹੀਂ ਬਣ ਸਕਦਾ। ਉਹ ਵੀ ਖਾਸ ਤੌਰ ’ਤੇ ਇਕ ਪਿਤਾ ਨੂੰ, ਜਿਸ ਤੋਂ ਆਪਣੀ ਬੇਟੀ ਦੀ ਰੱਖਿਆ ਕਰਨ ਅਤੇ ਪਨਾਹ ਦੇਣ ਦੀ ਉਮੀਦ ਕੀਤੀ ਜਾਂਦੀ ਹੈ। ਅਦਾਲਤ ਨੇ ਵਾਰ-ਵਾਰ ਆਪਣੀ ਬੇਟੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੇ ਗਰਭਵਤੀ ਹੋਣ ਨੂੰ ਲੈ ਕੇ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਹ ਟਿੱਪਣੀ ਕੀਤੀ। ਜਸਟਿਸ ਆਰ. ਨਾਰਾਇਣ ਪਿਸ਼ਾਰਦੀ ਨੇ ਇਹ ਟਿੱਪਣੀ ਪੀੜਤਾ ਦੇ ਪਿਤਾ ਦੇ ਇਹ ਦਾਅਵਾ ਕਰਨ ਤੋਂ ਬਾਅਦ ਕੀਤੀ ਕਿ ਉਸ ਨੂੰ ਇਸ ਮਾਮਲੇ ’ਚ ਫਸਾਇਆ ਜਾ ਰਿਹਾ ਹੈ ਕਿਉਂਕਿ ਉਸ ਦੀ ਬੇਟੀ ਨੇ ਮੰਨਿਆ ਹੈ ਕਿ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਸਰੀਰਕ ਸਬੰਧ ਹਨ।
ਹਾਈ ਕੋਰਟ ਨੇ ਕਿਹਾ ਕਿ ਸੈਕਸ ਸ਼ੋਸ਼ਣ ਦੇ ਨਤੀਜੇ ਵਜੋਂ ਮਈ 2013 ’ਚ ਪੈਦਾ ਹੋਏ ਬੱਚੇ ਦੀ ਡੀ. ਐੱਨ. ਏ. ਜਾਂਚ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਪੀੜਤਾ ਦਾ ਪਿਤਾ ਬੱਚੇ ਦਾ ਜੈਵਿਕ ਪਿਤਾ ਹੈ। ਅਦਾਲਤ ਨੇ ਹੇਠਲੀ ਅਦਾਲਤ ਦਾ ਫੈਸਲਾ ਰੱਦ ਕਰਦੇ ਹੋਏ ਇਸ ਵਿਅਕਤੀ ਨੂੰ ਜਬਰ-ਜ਼ਨਾਹ ਦੇ ਮਾਮਲੇ ’ਚ 12 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ।