ਚੰਡੀਗੜ੍ਹ : ਤਮਾਮ ਤਣਾਅ ਅਤੇ ਤਕਰਾਰ ਦੀਆਂ ਚਰਚਾਵਾਂ ਵਿਚਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਨਾਲ ਤਸਵੀਰ ਵਾਲਾ ਪੋਸਟਰ ਜਾਰੀ ਕੀਤਾ। ਮੌਕਾ ਸੀ, ਪੰਜਾਬ ਯੂਥ ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ ਵੇਲੇ ਦਾ। ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਕ ਵਫ਼ਦ ਨੇ ਮੁੱਖ ਮੰਤਰੀ ਦਫ਼ਤਰ ’ਚ ਚੰਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਦੋ ਪੋਸਟਰ ‘ਸਾਂਝੀ ਸਿਆਸਤ, ਸਾਂਝੀ ਵਿਰਾਸਤ’ ਅਤੇ ‘ਪੰਜਾਬ ਦਾ ਭਵਿੱਖ’ ਜਾਰੀ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਚੋਣਾਂ ਦੀਆਂ ਤਿਆਰੀਆਂ ਵਿਚ ਪੂਰੀ ਤਰ੍ਹਾਂ ਸ਼ਾਮਲ ਕਰਨ ਅਤੇ ਉਤਸ਼ਾਹਿਤ ਕਰਨ ਲਈ ਰਾਜ ਵਿਚ ਜ਼ਮੀਨੀ ਪੱਧਰ ’ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਸਪੱਸ਼ਟ ਬਿਓਰਿਆਂ ਨਾਲ 90 ਦਿਨਾ ਦਾ ਰੋਡਮੈਪ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬੂਥ ਪੱਧਰ ’ਤੇ ਹਰ ਵਿਧਾਨ ਸਭਾ ਹਲਕੇ ਵਿਚ 11 ਮੈਂਬਰੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੁੱਦਿਆਂ ’ਤੇ ਆਧਾਰਤ ਛੇਤੀ ਹੀ ਪੰਜਾਬ ਤੋਂ ਦਿੱਲੀ ਤਕ ਇਕ ਸਾਈਕਲ ਯਾਤਰਾ ਕੱਢੀ ਜਾਵੇਗੀ, ਜਿਸ ਵਿਚ 10,000 ਨੌਜਵਾਨ ਹਿੱਸਾ ਲੈਣਗੇ। ਇਸ ਮੌਕੇ ਇਕ ਪ੍ਰਸਤਾਵ ਵੀ ਪੜ੍ਹਿਆ ਗਿਆ, ਜਿਸ ਵਿਚ ਕਾਂਗਰਸ ਹਾਈਕਮਾਨ ਵਲੋਂ ਚੰਨੀ ਨੂੰ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਧੰਨਵਾਦ ਕੀਤਾ ਗਿਆ।
ਪ੍ਰਸਤਾਵ ਵਿਚ ਚੰਨੀ ਨੂੰ ਮੁੱਖ ਮੰਤਰੀ ਚੁਣਨ ’ਤੇ ਕੀਤਾ ਗਿਆ ਧੰਨਵਾਦ
ਯੂਥ ਕਾਂਗਰਸ ਨੇਤਾ ਵਲੋਂ ਪੜ੍ਹੇ ਗਏ ਮਤੇ ਮੁਤਾਬਕ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਨ ਲਈ ਅਸੀਂ ਕੌਮੀ ਕਾਂਗਰਸੀ ਨੇਤਾ ਰਾਹੁਲ ਗਾਂਧੀ, ਪੰਜਾਬ ਦੇ ਸਾਰੇ ਵਿਧਾਇਕਾਂ ਦਾ ਧੰਨਵਾਦ ਕਰਦੇ ਹਾਂ। ਚਰਨਜੀਤ ਸਿੰਘ ਚੰਨੀ ਦੀ ਸਾਦਗੀ ਨੇ ਪੰਜਾਬ ਅਤੇ ਹਰ ਨਾਗਰਿਕ ਨੂੰ ਛੂਹਿਆ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਨਾਲ ਕੰਮ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਤੁਸੀਂ ਨੌਜਵਾਨਾਂ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਆਪਣੀ ਪ੍ਰਮੁੱਖ ਤਰਜੀਹ ਵਜੋਂ ਹੱਲ ਕਰੋਗੇ। ਅਸੀਂ ਤੁਹਾਡੇ ਸੰਘਰਸ਼ ਅਤੇ ਤੁਹਾਡੇ ਭਾਸ਼ਣਾਂ ਨੂੰ ਕਈ ਵਾਰ ਦੇਖਿਆ ਹੈ ਕਿ ਇਸ ਨੂੰ ਕਾਰਜ ਨੂੰ ਮੁਕੰਮਲ ਕਰਨਾ ਕਿੰਨਾ ਮੁਸ਼ਕਿਲ ਸੀ। ਸੰਕਟ ਦੇ ਇਸ ਸਮੇਂ ਵਿਚ ਸਾਨੂੰ ਤੁਹਾਡੇ ਵਰਗੇ ਵਿਅਕਤੀ ਦੀ ਲੋੜ ਹੈ, ਜੋ ਪੰਜਾਬ ਨੂੰ ਸਮਝੇ ਅਤੇ ਉਨ੍ਹਾਂ ਲੋਕਾਂ ਲਈ ਕੰਮ ਕਰੇ ਜੋ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਹਨ। ਅਖੀਰ ਵਿਚ ਪੰਜਾਬ ਯੂਥ ਕਾਂਗਰਸ ਵਲੋਂ ਅਸੀਂ ਤੁਹਾਡੇ ਤਹਿ-ਦਿਲੋਂ ਧੰਨਵਾਦੀ ਹਾਂ ਅਤੇ ਪੰਜਾਬ ਲਈ ਤੁਹਾਡੀ ਚਿੰਤਾ ਦੀ ਬਹੁਤ ਸ਼ਲਾਘਾ ਕਰਦੇ ਹਾਂ।