ਜੇਨੇਵਾ/ਯੇਰੂਸ਼ਲਮ – ਕੋਵਿਡ-19 ਰੋਕੂ ਟੀਕਿਆਂ ਦੀਆਂ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ 100 ਕਰੋੜ ਨੂੰ ਪਾਰ ਕਰ ਗਈ ਹੈ ਅਤੇ ਅਜਿਹਾ ਕਰਕੇ ਭਾਰਤ ਦੇ ਇਤਿਹਾਸ ਰਚਣ ਦੇ ਬਾਅਦ ਵੀਰਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਅਤੇ ਇਜ਼ਰਾਈਲ, ਅਮਰੀਕਾ ਅਤੇ ਸ਼੍ਰੀਲੰਕਾ ਦੀ ਲੀਡਰਸ਼ਿਪ ਨੇ ਵਧਾਈ ਦਿੱਤੀ। ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਗੇਬਰੇਅਸਸ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨੀਆਂ, ਸਿਹਤ ਕਰਮਚਾਰੀਆਂ ਅਤੇ ਭਾਰਤ ਦੇ ਲੋਕਾਂ ਨੂੰ ਕੋਵਿਡ-19 ਤੋਂ ਸੰਵੇਦਨਸ਼ੀਲ ਆਬਾਦੀ ਨੂੰ ਬਚਾਉਣ ਅਤੇ ਟੀਕਿਆਂ ਦੀ ਬਰਾਬਰ ਵੰਡ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਵਧਾਈ।”
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਵੀਰਵਾਰ ਨੂੰ ਟਵੀਟ ਕੀਤਾ, ‘ਭਾਰਤੀਆਂ ਨੂੰ ਹੁਣ ਤੱਕ 1 ਅਰਬ ਤੋਂ ਵੱਧ ਖੁਰਾਕਾਂ ਦੇਣ ਸਬੰਧੀ ਸਫ਼ਲ ਕੋਵਿਡ-19 ਟੀਕਾਕਰਨ ਮੁਹਿੰਮ ਦੀ ਲੀਡਰਸ਼ਿਪ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ। ਉਨ੍ਹਾਂ ਕਿਹਾ, ‘ਇਹ ਜੀਵਨ ਬਚਾਉਣ ਵਾਲੇ ਟੀਕੇ ਵਿਸ਼ਵਵਿਆਪੀ ਮਹਾਮਾਰੀ ਨੂੰ ਹਰਾਉਣ ਵਿਚ ਸਾਡੀ ਸਾਰਿਆਂ ਦੀ ਸਹਾਇਤਾ ਕਰ ਰਹੇ ਹਨ।’ ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਵੀ ਭਾਰਤ ਨੂੰ ਵਧਾਈ ਦਿੱਤੀ ਅਤੇ ਨਿਰਯਾਤ ਅਤੇ ਦੁਨੀਆ ਭਰ ਵਿਚ ਇਸਦੀ ਵਰਤੋਂ ਲਈ ਟੀਕੇ ਦੇ ਉਤਪਾਦਨ ਵਿਚ ਤੇਜ਼ੀ ਲਿਆਉਣ ਦੀ ਉਸਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ‘ਭਾਰਤ ਨੂੰ ਕੋਵਿਡ-19 ਟੀਕੇ ਦੀਆਂ ਇਕ ਅਰਬ ਤੋਂ ਵੱਧ ਖੁਰਾਕਾਂ ਦੇਣ ਲਈ ਵਧਾਈ ਦਿੱਤੀ! ਅਸੀਂ ਨਿਰਯਾਤ ਅਤੇ ਵਿਸ਼ਵਵਿਆਪੀ ਵਰਤੋਂ ਲਈ ਟੀਕੇ ਦੇ ਉਤਪਾਦਨ ਵਿਚ ਤੇਜ਼ੀ ਲਿਆਉਣ ਲਈ ਭਾਰਤ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਾਂ।’
ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਨੇ ਕਿਹਾ ਕਿ ਇਹ ਨਾ ਸਿਰਫ਼ ਭਾਰਤ ਲਈ, ਸਗੋਂ ਵਿਸ਼ਵ ਲਈ ਵੀ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਟਵੀਟ ਕੀਤਾ, ‘ਭੂਟਾਨ ਦੇ ਲੋਕਾਂ ਦੀ ਤਰਫੋਂ, ਮੈਂ ਭਾਰਤ ਨੂੰ ਵਧਾਈ ਦਿੰਦਾ ਹਾਂ।’ ਵਿਦੇਸ਼ ਮੰਤਰਾਲੇ ਨੇ ਸ਼ੇਰਿੰਗ ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਅਤੇ ‘ਵੈਕਸੀਨ ਫਰੈਂਡਸ਼ਿਪ’ ਪਹਿਲਕਦਮੀ ਦੀ ਸ਼ਲਾਘਾ ਕਰਨ ਲਈ ਉਨ੍ਹਾਂ ਦੀ ਧੰਨਵਾਦ ਕੀਤਾ। ਇਹ ਭਾਰਤ ਸਰਕਾਰ ਦੁਆਰਾ ਵਿਸ਼ਵ ਭਰ ਦੇ ਦੇਸ਼ਾਂ ਨੂੰ ਕੋਵਿਡ-19 ਟੀਕਾ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਇਕ ਮਨੁੱਖਤਾਵਾਦੀ ਪਹਿਲ ਹੈ। ਸਰਕਾਰ ਨੇ 20 ਜਨਵਰੀ ਤੋਂ ਟੀਕਾ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਹੈ। ਭਾਰਤ ਨੇ ਹੁਣ ਤੱਕ 95 ਦੇਸ਼ਾਂ ਨੂੰ ਟੀਕੇ ਦੀਆਂ 6.63 ਕਰੋੜ ਖੁਰਾਕਾਂ ਉਪਲੱਬਧ ਕਰਾਈਆਂ ਹਨ, ਜਿਨ੍ਹਾਂ ਵਿਚ ਕੈਨੇਡਾ, ਯੂਕੇ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ, ਬ੍ਰਾਜ਼ੀਲ, ਨੇਪਾਲ, ਦੱਖਣੀ ਅਫਰੀਕਾ, ਯੂਕਰੇਨ ਅਤੇ ਬਹਿਰੀਨ ਸ਼ਾਮਲ ਹਨ।
ਭੂਟਾਨ ਦੇ ਵਿਦੇਸ਼ ਮੰਤਰੀ ਤਾਂਦੀ ਦੋਰਜੀ ਨੇ ਵੀ ਭਾਰਤ ਨੂੰ ਇਕ ਅਰਬ ਕੋਵਿਡ ਟੀਕਾਕਰਨ ਕਰਨ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਇਕ ਇਤਿਹਾਸਕ ਉਪਲੱਬਧੀ।’ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਇਸ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ, ਡਾਕਟਰੀ ਭਾਈਚਾਰੇ ਅਤੇ ਭਾਰਤ ਦੇ ਫਰੰਟਲਾਈਨ ਕਰਮਚਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਅੱਗੇ ਦਾ ਰਸਤਾ ਅਤੇ ਸੁਰੱਖਿਅਤ ਰਹਿਣਾ, ਸਫ਼ਲ ਟੀਕਾਕਰਣ ‘ਤੇ ਨਿਰਭਰ ਕਰਦਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ‘ਤੇ ਵਧਾਈ।’ ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ, ‘ਸਾਨੂੰ ਉਮੀਦ ਹੈ ਕਿ ਦੋਵਾਂ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਦੋਵਾਂ ਦਿਸ਼ਾਵਾਂ ਵਿਚ ਯਾਤਰਾ ਨੂੰ ਉਤਸ਼ਾਹਤ ਕਰੇਗੀ।’ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਨੂੰ ਕੋਵਿਡ-19 ਟੀਕੇ ਦੀਆਂ ਇਕ ਅਰਬ ਖੁਰਾਕਾਂ ਦੇਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ‘…ਮਾਲਦੀਵ ਦੇ ਕੋਵਿਡ -19 ਤੋਂ ਉਭਰਨ ਅਤੇ ਟੀਕਾਕਰਨ ਦੇ ਯਤਨਾਂ ਵਿਚ ਸਹਾਇਤਾ ਲਈ ਭਾਰਤ ਦਾ ਵੀ ਧੰਨਵਾਦ।’ ਸੇਸ਼ੇਲਸ ਦੇ ਰਾਸ਼ਟਰਪਤੀ ਵਾਵੇਲ ਰਾਮਕਲਾਵਨ ਅਤੇ ਮਲਾਵੀ ਦੇ ਰਾਸ਼ਟਰਪਤੀ ਡਾ. ਲਾਜ਼ਰਸ ਚਾਕਵੇਰਾ ਨੇ ਵੀ ਭਾਰਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਨਿਰਸਵਾਰਥ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਜੈਸ਼ੰਕਰ ਇਜ਼ਰਾਈਲ ਦੇ ਪੰਜ ਦਿਨਾਂ ਦੌਰੇ ‘ਤੇ ਹਨ।