ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਪਾਸੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਪਰ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਸ਼ੰਸਾ ਕੀਤੀ ਹੈ। ਮੀਡੀਆ ’ਚ ਇੰਟਰਵਿਊ ਦੌਰਾਨ ਜਿੱਥੇ ਕੈਪਟਨ ਨੇ ਨਵੀਂ ਪਾਰਟੀ ਬਣਾਉਣ ਦਾ ਜ਼ਿਕਰ ਕੀਤਾ, ਉੱਥੇ ਹੀ ਉਨ੍ਹਾਂ ਇਹ ਗੱਲ ਵੀ ਸਪਸ਼ਟ ਕਹੀ ਕਿ ਜਦੋਂ ਤਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ, ਉਹ ਭਾਜਪਾ ਨਾਲ ਗਠਜੋੜ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਚੋਲਗੀ ਕਰਨ ਲਈ ਤਿਆਰ ਹਨ।
ਸਿੱਧੂ ’ਤੇ ਵਰ੍ਹੇ ਕੈਪਟਨ
ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਪਾਰਟੀ ਪਛਤਾਏਗੀ। ਸਿੱਧੂ ਕਾਂਗਰਸ ਵਿਚ ਰਹਿਣ ਜਾਂ ਨਾ ਰਹਿਣ ਪਰ ਹੁਣ ਕਾਂਗਰਸ ਲਈ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ। ਉਹ ਕਦੇ ਵੀ ਕਾਂਗਰਸ ਵਿਚ ਨਹੀਂ ਜਾਣਗੇ। ਉਨ੍ਹਾਂ ਸਿੱਧੂ ਨੂੰ ਇਕ ਵਾਰ ਮੁੜ ਅਸਥਿਰ ਨੇਤਾ ਦੱਸਿਆ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕਦੇ ਵੀ ਆਪਣੇ ਮੰਤਰਾਲਾ ਦੀ ਸਮਝ ਹੀ ਨਹੀਂ ਆਈ, ਜਿਸ ਕਾਰਨ ਉਨ੍ਹਾਂ ਸਿੱਧੂ ਨੂੰ ਹਟਾ ਦਿੱਤਾ। ਕੈਪਟਨ ਬੋਲੇ ਕਿ ਸਿੱਧੂ ਸਬੰਧੀ ਉਨ੍ਹਾਂ ਹਾਈਕਮਾਨ ਨੂੰ ਪਹਿਲਾਂ ਹੀ ਚੌਕਸ ਕਰ ਦਿੱਤਾ ਸੀ ਕਿ ਇਹ ਇਨਸਾਨ ਉਨ੍ਹਾਂ ਨੂੰ ਤੰਗ ਕਰੇਗਾ ਪਰ ਜਦੋਂ ਤਕ ਪਾਰਟੀ ਨੂੰ ਸਮਝ ਆਏਗੀ, ਬਹੁਤ ਦੇਰ ਹੋ ਚੁੱਕੀ ਹੋਵੇਗੀ।
ਚੰਨੀ ’ਤੇ ਨਰਮ ਦਿਸੇ ਕੈਪਟਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕੈਪਟਨ ਨੇ ਮੀਡੀਆ ’ਚ ਕਾਫੀ ਹਾਂ-ਪੱਖੀ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਚੰਗਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ (ਚੰਨੀ) ਨੇ ਪਹਿਲਾਂ ਵੀ ਉਨ੍ਹਾਂ ਨਾਲ ਸਰਕਾਰ ਵਿਚ ਕੰਮ ਕੀਤਾ ਹੈ। ਚੰਨੀ ਇਜ਼ ਗੁੱਡ ਬੁਆਏ।
ਸਾਥੀਆਂ ’ਤੇ ਚੁੱਪ ਕੈਪਟਨ
ਪੰਜਾਬ ਵਿਚ ਕੈਪਟਨ ਨਵੀਂ ਪਾਰਟੀ ਦਾ ਤਾਂ ਗਠਨ ਕਰਨ ਜਾ ਰਹੇ ਹਨ ਪਰ ਉਨ੍ਹਾਂ ਨਾਲ ਕਿਹੜੇ ਲੋਕ ਹਨ, ਇਸ ਗੱਲ ’ਤੇ ਅਜੇ ਉਹ ਕੁਝ ਵੀ ਸਪਸ਼ਟ ਨਹੀਂ ਦੱਸ ਰਹੇ। ਕੈਪਟਨ ਨੇ ਇਸ ਸਵਾਲ ’ਤੇ ਕਿਹਾ ਕਿ ਉਹ ਫਿਲਹਾਲ ਇਹ ਨਹੀਂ ਦੱਸ ਸਕਣਗੇ ਕਿ ਉਨ੍ਹਾਂ ਨਾਲ ਕਿੰਨੇ ਲੋਕ ਹਨ ਪਰ ਉਨ੍ਹਾਂ ਨੂੰ ਰੋਜ਼ਾਨਾ ਵੱਡੀ ਗਿਣਤੀ ਵਿਚ ਕਾਂਗਰਸ ਨਾਲ ਸਬੰਧਤ ਲੋਕਾਂ ਦੇ ਫੋਨ ਆ ਰਹੇ ਹਨ। ਕੈਪਟਨ ਨੇ ਕਿਹਾ ਕਿ ਕਈ ਸਿਟਿੰਗ ਵਿਧਾਇਕ ਵੀ ਉਨ੍ਹਾਂ ਦੇ ਸੰਪਰਕ ਵਿਚ ਹਨ ਪਰ ਉਨ੍ਹਾਂ ਇਸ ਗੱਲ ਦੀ ਦਲੀਲ ਦਿੱਤੀ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਜੇ ਉਹ ਉਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਲਿਆਉਂਦੇ ਹਨ ਤਾਂ ਉਨ੍ਹਾਂ ’ਤੇ ਮਾੜਾ ਅਸਰ ਪੈ ਸਕਦਾ ਹੈ।
ਕਾਂਗਰਸ ’ਚ ਵਾਪਸ ਜਾਣ ’ਤੇ
ਕਾਂਗਰਸ ਵਿਚ ਘਰ ਵਾਪਸੀ ਦੇ ਸਵਾਲ ’ਤੇ ਕੈਪਟਨ ਨੇ ਕਿਹਾ ਕਿ ਉਹ ਵੱਖਰੀ ਕਿਸਮ ਦੇ ਇਨਸਾਨ ਹਨ ਅਤੇ ਉਨ੍ਹਾਂ ਜਦੋਂ ਵੀ ਕਦੇ ਕੋਈ ਕਦਮ ਚੁੱਕਿਆ ਹੈ ਤਾਂ ਉਹ ਵਾਪਸ ਨਹੀਂ ਮੁੜਦੇ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਵਾਪਸ ਕਾਂਗਰਸ ਵਿਚ ਆਉਣ ਲਈ ਸੰਪਰਕ ਕੀਤਾ ਹੈ ਪਰ ਉਹ ਫੈਸਲਾ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਘਰ ਨਹੀਂ ਬੈਠਣਗੇ ਅਤੇ ਲਗਾਤਾਰ ਪੰਜਾਬ ਦੀ ਸਿਆਸਤ ਵਿਚ ਸਰਗਰਮ ਰਹਿਣਗੇ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦਾ ਰਿਟਾਇਰ ਹੋਣ ਦਾ ਮੂਡ ਨਹੀਂ ਅਤੇ ਉਹ ਲੜਨ ਲਈ ਤਿਆਰ ਹਨ।