ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ’ਚ ਕੋਰੋਨਾ ਰੋਕੂ ਟੀਕਿਆਂ ਦੀ ਹੁਣ ਤੱਕ ਦਿੱਤੀਆਂ ਗਈਆਂ ਖ਼ੁਰਾਕਾਂ ਦੀ ਗਿਣਤੀ 100 ਕਰੋੜ ਦੇ ਪਾਰ ਪਹੁੰਚਣ ’ਤੇ ਵੀਰਵਾਰ ਨੂੰ ਕਿਹਾ ਕਿ ਇਕੱਠੇ ਮਿਲ ਕੇ ਗਲੋਬਲ ਮਹਾਮਾਰੀ ਨੂੰ ਹਰਾਵਾਂਗੇ। ਅਧਿਕਾਰਤ ਸੂਤਰਾਂ ਅਨੁਸਾਰ, ਦੇਸ਼ ’ਚ ਟੀਕਾਕਰਨ ਦੇ ਯੋਗ ਬਾਲਗਾਂ ’ਚੋਂ ਕਰੀਬ 765 ਫੀਸਦੀ ਲੋਕਾਂ ਨੂੰ ਘੱਟੋ-ਘੱਟ ਇਕ ਖ਼ੁਰਾਕ ਲਗ ਚੁਕੀ ਹੈ, ਜਦੋਂ ਕਿ ਕਰੀਬ 31 ਫੀਸਦੀ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁਕੀਆਂ ਹਨ। ਕੇਜਰੀਵਾਲ ਨੇ ਟਵੀਟ ਕੀਤਾ,‘‘100 ਕਰੋੜ ਟੀਕੇ ਲੱਗਣ ’ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ। ਜਿਨ੍ਹਾਂ ਡਾਕਟਰਾਂ, ਨਰਸ ਅਤੇ ਮੋਹਰੀ ਮੋਰਚੇ ’ਤੇ ਤਾਇਨਾਤ ਕਰਮੀਆਂ ਕਾਰਨ ਇਹ ਸੰਭਵ ਹੋਇਆ, ਉਨ੍ਹਾਂ ਨੂੰ ਸਲਾਮ। ਅਸੀਂ ਸਾਰੇ ਦੇਸ਼ਵਾਸੀਆਂ ਨੇ ਮਿਲ ਕੇ ਇਸ ਬੀਮਾਰੀ ਦਾ ਸਾਹਮਣਾ ਕੀਤਾ। ਅਸੀਂ ਸਾਰੇ ਮਿਲ ਕੇ ਇਸ ਨੂੰ ਹਮੇਸ਼ਾ ਲਈ ਹਰਾਵਾਂਗੇ।’’
ਦੇਸ਼ ’ਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ ਅਤੇ ਇਸ ਦੇ ਪਹਿਲੇ ਪੜਾਅ ’ਚ ਸਿਹਤ ਕਰਮੀਆਂ ਨੂੰ ਟੀਕੇ ਲਗਾਏ ਗਏ ਸਨ। ਇਸ ਤੋਂ ਬਾਅਦ 2 ਫਰਵਰੀ ਤੋਂ ਮੋਹਰੀ ਮੋਰਚੇ ਦੇ ਕਰਮੀਆਂ ਦਾ ਟੀਕਾਕਰਨ ਸ਼ੁਰੂ ਹੋਇਆ ਸੀ। ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ ਇਕ ਮਾਰਚ ਤੋਂ ਸ਼ੁਰੂ ਹੋਇਆ, ਜਿਸ ’ਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਗਾਉਣੇ ਸ਼ੁਰੂ ਕੀਤੇ ਗਏ। ਦੇਸ਼ ’ਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੀ ਟੀਕਾਕਰਨ ਇਕ ਅਪ੍ਰੈਲ ਤੋਂ ਸ਼ੁਰੂ ਹੋਇਆ ਸੀ ਅਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ ਇਕ ਮਈ ਤੋਂ ਸ਼ੁਰੂ ਹੋਇਆ। ਕੋਰੋਨਾ ਰੋਕੂ ਟੀਕਿਆਂ ਦੀ ਹੁਣ ਤੱਕ ਦਿੱਤੀਆਂ ਗਈਆਂ ਖ਼ੁਰਾਕਾਂ ਦੀ ਗਿਣਤੀ ਵੀਰਵਾਰ ਨੂੰ 100 ਕਰੋੜ ਦੇ ਪਾਰ ਪਹੁੰਚ ਗਈਆਂ।