ਤਰੰਗਾਂ ਉੱਠਦੀਆਂ ਹਨ। ਅਤੇ ਕਿਨਾਰੇ ਨੂੰ ਮਿਲਣ ਉਪਰੰਤ ਵਾਪਿਸ ਪਲਟ ਜਾਂਦੀਆਂ ਹਨ। ਉਹ ਫ਼ਿਰ ਕਿਨਾਰੇ ਵੱਲ ਮੁੜ ਆਉਂਦੀਆਂ ਹਨ। ਇਹ ਸਿਲਸਿਲਾ ਇੰਝ ਹੀ ਚੱਲਦਾ ਰਹਿੰਦੈ। ਉਹ ਇਸ ਤੋਂ ਛੁੱਟ ਹੋਰ ਕੁਝ ਕਰ ਵੀ ਨਹੀਂ ਸਕਦੀਆਂ। ਸਮੁੰਦਰਾਂ ਵਾਂਗ ਹੀ ਅਰਥਚਾਰਿਆਂ ਨਾਲ ਵੀ ਹੁੰਦੈ। ਅਤੇ ਸਮਾਜਕ ਫ਼ੈਸ਼ਨਾਂ ਨਾਲ। ਅਤੇ ਦਿਲਾਂ ਦੀਆਂ ਉਮੰਗਾਂ ਨਾਲ। ਮਨੁੱਖੀ ਦਿਲ ਅਨੰਤ ਜਵਾਰੀ ਭਾਵਨਾਵਾਂ ਦੇ ਸਮੁੰਦਰਾਂ ‘ਚ ਡੱਕੇਡੋਲੇ ਖਾਂਦੇ ਰਹਿੰਦੇ ਹਨ। ਇੱਕ ਦਿਨ, ਸਭ ਕੁਝ ਇੱਕ ਪਾਸੜ ਹੁੰਦੈ। ਅਗਲੇ ਹੀ ਦਿਨ, ਜਾਂ ਮਹੀਨੇ, ਜਾਂ ਸਾਲ … ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ, ਵਾਪਿਸ ਉੱਥੇ ਜਾਣ ਤੋਂ ਸਿਵਾਏ ਜਿੱਥੋਂ ਉਹ ਆਏ ਸਨ। ਜੇਕਰ ਤੁਸੀਂ, ਆਪਣੇ ਪ੍ਰੇਮ ਪ੍ਰਸੰਗ ‘ਚ, ਟਿਕਾਊਪੁਣਾ ਹਾਸਿਲ ਕਰਨਾ ਚਾਹੁੰਦੇ ਹੋ, ਇਸ ਕਥਨ ਨੂੰ ਵਿਚਾਰੋ। ਤਰੰਗਾਂ, ਸਾਰੀ ਉਥਲ-ਪੁਥਲ ਦੇ ਬਾਵਜੂਦ, ਆਪਣੀ ਲਗਾਤਾਰਤਾ ਕਾਇਮ ਰੱਖਦੀਆਂ ਹਨ! ਇਹ ਸਮਾਂ ਸ਼ਾਇਦ ਉਸ ਨੂੰ ਕਬੂਲ ਕਰਨ ਦਾ ਹੈ ਜਿਸ ਨੂੰ ਤੁਸੀਂ ਬਦਲ ਨਹੀਂ ਸਕਦੇ।

ਕਈ ਵਾਰ, ਲੋਕ ਪੁੱਛਦੇ ਹਨ, ”ਕੀ ਤੁਸੀਂ ਪਹਿਲੀ ਨਜ਼ਰੇ ਪਿਆਰ ਹੋਣ ‘ਚ ਯਕੀਨ ਰੱਖਦੇ ਹੋ? ”ਇਹ ਕਿਹੋ ਜਿਹਾ ਅਜੀਬੋ-ਗ਼ਰੀਬ ਸਵਾਲ ਹੋਇਆ? ਯਕੀਨਨ, ਜਾਂ ਤਾਂ ਤੁਹਾਨੂੰ ਪੱਕੀ ਤਰ੍ਹਾਂ ਪਤੈ ਕਿ ਸੱਚਮੁੱਚ ਉਸ ਦੀ ਹੋਂਦ ਹੈ … ਜਾਂ ਤੁਹਾਨੂੰ ਹਾਲੇ ਤਕ ਉਸ ਦਾ ਤਜਰਬਾ ਨਹੀਂ ਹੋਇਆ। ਜੇ ਤੁਹਾਨੂੰ ਪਤੈ ਤਾਂ ਤੁਹਾਨੂੰ ਉਸ ਦੇ ਹੋਣ ਜਾਂ ਨਾ ਹੋਣ ਬਾਰੇ ਆਪਣਾ ਯਕੀਨ ਜ਼ਾਹਿਰ ਕਰਨ ਦੀ ਕੋਈ ਲੋੜ ਨਹੀਂ। ਜੇਕਰ ਤੁਹਾਨੂੰ ਨਹੀਂ ਪਤਾ, ਜਾਂ ਤਾਂ ਤੁਸੀਂ ਇਹ ਉਮੀਦ ਕਰਦੇ ਹੋਵੇਗੇ ਕਿ ਉਹ ਹੋਵੇ … ਜਾਂ ਫ਼ਿਰ ਤੁਹਾਨੂੰ ਇਹ ਡਰ ਹੋਵੇਗਾ ਕਿ ਅਜਿਹੇ ਪ੍ਰੇਮ ਦੀ ਕੋਈ ਹੋਂਦ ਨਹੀਂ। ਇਸ ਸਭ ਕਾਸੇ ‘ਚ ਯਕੀਨ ਕਿੱਥੋਂ ਆ ਗਿਆ? ਮੈਂ ਇਹ ਸਿਰਫ਼ ਇਸ ਲਈ ਪੁੱਛ ਰਿਹਾਂ ਕਿਉਂਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਚੀਜ਼ ‘ਚ ਯਕੀਨ ਰੱਖਦੇ ਹੋ। ਉਹ ਇਸ ਗੱਲ ਨਾਲ ਪੈਂਦੈ ਕਿ ਤੁਹਾਨੂੰ ਪਤਾ ਕੀ ਹੈ।

ਕਹਿੰਦੇ ਨੇ ਗ਼ੈਰਮੌਜੂਦਗੀ ਜਾਂ ਦੂਰੀ ਸੱਚਮੁੱਚ ਦਿਲਾਂ ਨੂੰ ਵਿਆਕੁਲ ਕਰ ਦਿੰਦੀ ਹੈ। ਜੇ ਇਹ ਕਥਨ ਵਾਕਈ ਸੱਚ ਹੈ ਤਾਂ ਫ਼ਿਰ ਇੱਕ ਖ਼ੁਸ਼ ਦਿਲ ਦਾ ਰਾਜ਼ ਜ਼ਾਹਿਰ ਹੋ ਗਿਐ। ਉਸ ਨੂੰ ਕੇਵਲ ਉਨ੍ਹਾਂ ਸਾਰਿਆਂ ਤੋਂ ਦੂਰ ਰੱਖੋ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ। ਉਹ ਤੁਹਾਡੀ ਗ਼ੈਰਹਾਜ਼ਰੀ ‘ਚ ਤੁਹਾਨੂੰ ਹੋਰ ਵੀ ਜ਼ਿਆਦਾ ਚਾਹੁਣ ਲੱਗਣਗੇ, ਅਤੇ ਤੁਹਾਨੂੰ ਇਹ ਵੀ ਪਤਾ ਕਰਨ ਦੀ ਲੋੜ ਨਹੀਂ ਪਵੇਗੀ ਕਿ ਉਨ੍ਹਾਂ ਨਾਲ ਗ਼ੁਜ਼ਾਰਾ ਕਰਨਾ ਕਿੰਨਾ ਖਿੱਝਾਊ ਹੋ ਸਕਦੈ। ਜੇਕਰ ਕੋਈ ਰਿਸ਼ਤਾ ਰੋਮੈਂਸ ਦੇ ਖੇਤਰ ਨੂੰ ਪਾਰ ਕਰ ਕੇ ਸਾਧਾਰਨਤਾ ਦੀ ਦਲਦਲ ‘ਚ ਪਹੁੰਚ ਚੁੱਕਾ ਹੈ ਤਾਂ ਵੀ ਯਾਦਾਸ਼ਤ ਇੱਕ ਅਸਥਾਈ ਸ਼ੈਅ ਹੈ। ਜੋ ਕਿਸੇ ਵਕਤ ਕਦੇ ਨਾ ਭੁਲਾਏ ਜਾ ਸਕਣ ਦੀ ਹੱਦ ਤਕ ਭਿਆਨਕ ਜਾਪਦਾ ਸੀ ਛੇਤੀ ਹੀ ਕਾਮ-ਉਤੇਜਕ ਰੂਪ ਨਾਲ ਭੜਕਾਊ ਹੋ ਸਕਦੈ। ਸਾਵਧਾਨ ਰਹਿਓ, ਕਿਤੇ ਤੁਸੀਂ ਇੱਕ ਸਫ਼ਲ ਗ਼ੈਰਮੌਜੂਦਗੀ ਨੂੰ ਮੁਸ਼ਕਿਲ ਮੌਜੂਦਗੀ ਨਾਲ ਨਾ ਵਟਾ ਬੈਠਿਓ।

”Will you still love me tomorrow? (ਕੀ ਤੁਸੀਂ ਮੈਨੂੰ ਕੱਲ੍ਹ ਵੀ ਪਿਆਰ ਕਰੋਗੇ?) ”ਜੈਫ਼ਰੀ ਗੌਫ਼ਿਨ ਅਤੇ ਕੈਰੋਲ ਕਿੰਗ ਵਲੋਂ ਲਿਖਿਆ ਅਤੇ ਪਹਿਲੀ ਵਾਰ 1960 ‘ਚ ਦਾ ਸ਼ੈਰਿਲਜ਼ ਨਾਮਕ ਲੜਕੀਆਂ ਦੇ ਇੱਕ ਬੈਂਡ ਵਲੋਂ ਗਾਇਆ ਇਹ ਗੀਤ ਉਸੇ ਪੁਰਾਣੀ ਰੋਕ ਨੂੰ ਹੀ ਸੰਖੇਪ ‘ਚ ਸਾਡੇ ਸਾਹਮਣੇ ਪੇਸ਼ ਕਰਦੈ ਜਿਹੜੀ ਹਰ ਅਸੁਰੱਖਿਅਤ ਆਸ਼ਕ ਦੇ ਖ਼ਦਸ਼ਿਆਂ ਦੀ ਤਰਜਮਾਨੀ ਕਰਦੀ ਹੈ। ਜਦੋਂ ਅਸੀਂ ਆਪਣਾ ਦਿਲ ਕਿਸੇ ਨੂੰ ਦਿੰਦੇ ਹਾਂ, ਅਸੀਂ ਚਾਹੰਦੇ ਹਾਂ ਕਿ ਉਹ ਸਾਨੂੰ ਕਦੇ ਵੀ ਵਾਪਿਸ ਨਾ ਮੋੜਿਆ ਜਾਵੇ। ਫ਼ਿਰ ਵੀ ਆਪਣਾ ਦਿਲ ਕਿਸੇ ਹੋਰ ਦੇ ਹੱਥਾਂ ‘ਚ ਫ਼ੜਾ ਦੇਣ ਦਾ ਮਤਲਬ ਹੈ ਕਿਸੇ ਦੂਸਰੇ ਦੀ ਦਿਆਨਤਦਾਰੀ ‘ਚ ਬਹੁਤ ਜ਼ਿਆਦਾ ਵਿਸ਼ਵਾਸ ਦਾ ਮੁਜ਼ਾਹਰਾ ਕਰਨਾ। ਅਤੇ ਜੇਕਰ ਇਹੀ ਮਾਮਲਾ ਬਿਲਕੁਲ ਇਸ ਦੇ ਉਲਟ ਹੋਇਆ ਹੋਵੇ? ਜੇ ਤੁਹਾਡੇ ਆਪਣੇ ਭਾਵਨਾਤਮਕ ਸਬੰਧ ਹੀ ਲੀਹੋਂ ਭਟਕ ਚੁੱਕੇ ਹੋਣ? ਭਵਿੱਖੀ ਭਾਵਨਾਵਾਂ ਨੂੰ ਕਦੇ ਵੀ ਲੰਘੇ ਹੋਏ ਕੱਲ੍ਹ ਦੀਆਂ ਤਾਂਘਾਂ ਦਾ ਪਿੱਛਾ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਜਾਦੂ ਨੂੰ ਨਜ਼ਰਅੰਦਾਜ਼ ਕਰੋ ਜਿਹੜਾ ਇਸ ਵਕਤ ਤੁਹਾਡੇ ਆਲੇ-ਦੁਆਲੇ ਵਾਪਰ ਰਿਹੈ।

ਫੁੱਲਾਂ ਨੂੰ ਅਸੀਂ ਕਿਸੇ ਪ੍ਰਤੀ ਆਪਣੇ ਸਦੀਵੀ ਮੋਹ ਦੇ ਸੰਕੇਤਾਂ ਦੇ ਤੌਰ ‘ਤੇ ਕਿਉਂ ਵਰਤਦੇ ਹਾਂ? ਪ੍ਰੇਮ ਦੀ ਭਾਸ਼ਾ ‘ਚ ਉਨ੍ਹਾਂ ਦਾ ਕੀ ਅਰਥ ਹੈ? ਇਸ ਦੀ ਕੋਈ ਸੈਂਸ ਹੀ ਨਹੀਂ ਬਣਦੀ, ਖ਼ਾਸ ਕਰ ਕੇ ਜਦੋਂ ਅਸੀਂ ਇਸ ਗੱਲ ਨੂੰ ਵਿਚਾਰਦੇ ਹਾਂ ਕਿ ਉਹ ਕਿੰਨੇ ਥੋੜ੍ਹੇ ਅਰਸੇ ਲਈ ਖਿੜਦੇ ਨੇ। ਹੋਰ ਕਿਸੇ ਵੀ ਸ਼ੈਅ ਦੀ ਕਿਸਮਤ ‘ਚ ਇੰਨੇ ਪ੍ਰਤੱਖ ਰੂਪ ‘ਚ ਕੁਮਲਾਉਣਾ ਅਤੇ ਬਦਰੰਗ ਹੋਣਾ ਨਹੀਂ ਲਿਖਿਆ ਹੁੰਦਾ ਜਿੰਨਾ ਫੁੱਲਾਂ ਦੀ! ਇਹ ਗੱਲ ਵੀ ਠੀਕ ਹੈ ਕਿ ਜੇ ਅਸੀਂ ਆਪਣੀ ਚਾਹਤ ਦਾ ਸੱਚਮੁੱਚ ਕੋਈ ਠੋਸ ਸੰਕੇਤ ਦੇਣਾ ਚਾਹੁੰਦੇ ਹੋਈਏ ਤਾਂ ਸਾਨੂੰ ਦਰਖ਼ਤਾਂ ਨੂੰ ਆਪਣੀ ਤਸ਼ਬੀਹ ‘ਚ ਸ਼ਾਮਿਲ ਕਰਨਾ ਚਾਹੀਦੈ ਜਿਹੜੇ ਆਪਣੀਆਂ ਜੜ੍ਹਾਂ ਡੂੰਘੀਆਂ ਬਣਾ ਸਕਦੇ ਹਨ ਅਤੇ ਕਈ-ਕਈ ਪੀੜ੍ਹੀਆਂ ਤਕ ਕਾਇਮ ਰਹਿੰਦੇ ਹਨ। ਜਾਂ ਕੈਕਟਸ ਨੂੰ, ਜਿਹੜਾ ਖ਼ੁਸ਼ਕ ਅਤੇ ਬੰਜਰ ਵਾਤਾਵਰਣ ਦਾ ਮੁਕਾਬਲਾ ਕਰ ਕੇ ਵੀ ਜੀਵਿਤ ਰਹਿੰਦਾ ਹੈ। ਤੁਹਾਡੇ ਭਾਵਨਾਤਮਕ ਸੰਸਾਰ ‘ਚ, ਕੋਈ ਸਹੀ ਨੁਕਤਾ ਗ਼ਲਤ ਢੰਗ ਨਾਲ ਉਠਾਇਆ ਜਾ ਰਿਹਾ ਹੈ। ਜੋ ਕੁਝ ਉਸ ਦੇ ਪਿੱਛੇ ਹੈ, ਉਸ ਨੂੰ ਉਸੇ ਭਾਵਨਾ ਤਹਿਤ ਪ੍ਰਵਾਨ ਕਰਿਓ।