ਭਾਜਪਾ ਮੰਤਰੀ ਨਾਲ ਨਿਹੰਗ ਸਿੰਘ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਢੱਡਰੀਆਂ ਵਾਲੇ ਦਾ ਵੱਡਾ ਬਿਆਨ

ਪਟਿਆਲਾ/ਰੱਖੜਾ : ਸਿੰਘੂ ਬਾਰਡਰ ’ਤੇ ਹੋਏ ਕਤਲ ਮਾਮਲੇ ਨੂੰ ਲੈ ਕੇ ਧਾਰਮਿਕ ਸ਼ਖਸੀਅਤਾਂ ’ਚ ਸੋਸ਼ਲ ਮੀਡੀਆ ’ਤੇ ਤਲਖ ਬਿਆਨਬਾਜ਼ੀ ਸਿੱਖਰਾਂ ’ਤੇ ਹੈ। ਇਸ ਦਰਮਿਆਨ ਪੂਰੀ ਦੁਨੀਆਂ ਅੰਦਰ ਸਿੱਖੀ ਅਤੇ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਪਿਛਲੀ ਦਿਨੀਂ ਇਸ ਹੱਤਿਆ ਸਬੰਧੀ ਕੀਤੀ ਗਈ ਟਿੱਪਣੀ ਕਾਰਨ ਵੱਖ-ਵੱਖ ਸਮਾਜਿਕ ਸਾਈਟਾਂ ਉੱਪਰ ਇਕ-ਦੂਜੇ ਖ਼ਿਲਾਫ਼ ਹੋ ਰਹੀ ਦੂਸ਼ਣਬਾਜ਼ੀ ਕਾਰਨ ਸਿੱਖ ਕੌਮ ਬਾਰੀਕੀ ਨਾਲ ਘੋਖ ਕਰਨ ’ਚ ਜੁਟੀ ਹੋਈ ਹੈ ਕਿ ਸਿੰਘੂ ਬਾਰਡਰ ਘਟਨਾ ਪਿੱਛੇ ਅਸਲ ਸੱਚਾਈ ਕੀ ਹੈ? ਬੀਤੀ ਰਾਤ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਚੱਲ ਰਹੀ ਵੀਡੀਓ ਕਲਿੱਪ ’ਚ ਉਨ੍ਹਾਂ ਇਕ ਪਾਸੇ ਜਿਥੇ ਕੌਮ ਨੂੰ ਸਿਰ ਜੋੜ ਕੇ ਬੈਠ ਕੇ ਅੰਦਰੂਨੀ ਵਿਚਾਰਧਾਰਾਵਾਂ ਵਿਚਲੇ ਵਖਰੇਵੇਂ ਦੂਰ ਕਰਨ ਦੀ ਗੱਲ ਕੀਤੀ, ਉਥੇ ਹੀ ਕਾਵਾਂ ਰੌਲੀ ਪਾਉਣ ਵਾਲੇ ਧਾਰਮਿਕ ਅਖਵਾਉਂਦੇ ਲੀਡਰਾਂ ਨੂੰ ਸ਼ਬਦੀ ਲਾਹਨਤਾਂ ਪਾਈਆਂ ਹਨ ਕਿਉਂਕਿ ਗੁਰਬਾਣੀ ਅਨੁਸਾਰ ਸਾਨੂੰ ਸਾਰਿਆਂ ਨੂੰ ਕੌਮ ਪ੍ਰਤੀ ਜਵਾਬਦੇਹ ਹੋਣਾ ਪਵੇਗਾ। ਬੱਚਿਆਂ ਨੂੰ ਗੁਰਬਾਣੀ, ਸਿੱਖੀ ਤੇ ਸਮਾਜਿਕ ਸਰੋਕਾਰਾਂ ਦਾ ਗਿਆਨ ਵੀ ਤਾਂ ਹੀ ਦਿੱਤਾ ਜਾ ਸਕਦਾ ਹੈ, ਜੇਕਰ ਅਸੀਂ ਖੁਦ ਉਸ ’ਤੇ ਅਮਲ ਕਰਾਂਗੇ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਜਾਰੀ ਹੋਈ ਨਵੀਂ ਵੀਡੀਓ ’ਚ ਸਾਫ ਤੌਰ ’ਤੇ ਆਖ ਦਿੱਤਾ ਗਿਆ ਹੈ ਕਿ ਜਿਹੜੇ ਨਿਹੰਗ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਢਿੰਡੋਰਾ ਪਿੱਟ ਕੇ ਵਿਅਕਤੀ ਨੂੰ ਮਾਰ ਦਿੱਤਾ, ਉਨ੍ਹਾਂ ਨੂੰ ਖੇਤੀ ਮੰਤਰੀ ਵੱਲੋਂ ਸਨਮਾਨਿਤ ਕੀਤੇ ਜਾਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਤੋਂ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਲਈ ਇਹ ਕਾਂਡ ਕੀਤਾ ਹੈ। ਫਿਰ ਵੀ ਕਈ ਧਾਰਮਿਕ ਆਗੂ ਬੇਸਮਝੀ ਨਾਲ ਆਪੇ ਤੋਂ ਬਾਹਰ ਹੋ ਕੇ ਕੌਮ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅੱਜ ਦੀ ਪੜ੍ਹੀ-ਲਿਖੀ ਪੀੜ੍ਹੀ ਹਰ ਗੱਲ ਦੀ ਤਹਿ ਤੱਕ ਜਾਂਦੀ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਡਿਪਟੀ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਵਾਪਰੇ ਘਿਨਾਉਣੇ ਕਾਂਡ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਤਾਂ ਸੱਚ ਸਾਹਮਣੇ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂ ਮਾਰ ਕੇ ਟੰਗਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ 365 ਸਰੂਪ ਗੁੰਮ ਹੋਣ ਸਬੰਧੀ ਵੀ ਪੁੱਛਣ, ਪਤਾ ਲੱਗ ਜਾਵੇਗਾ ਕਿ ਕਾਂ ਮਾਰ ਕੇ ਕਿਵੇਂ ਟੰਗੀਦਾ ਹੈ? ਉਨ੍ਹਾਂ ਕਿਹਾ ਕਿ ਹੁਣ ਸਮਾਂ ਮੱਸੇ ਰੰਘੜ ਵਾਲਾ ਨਹੀਂ, ਲੋਕਤੰਤਰ ਦਾ ਜ਼ਮਾਨਾ ਹੈ। ਸਿੱਖ ਪਹਿਲਾਂ ਹੀ ਘੱਟ ਗਿਣਤੀ ਵਿਚ ਹਨ। ਹੁਣ ਕਿਸੇ ਵੀ ਨੂੰ ਵੀ ਵੱਢਣ-ਟੁੱਕਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ। ਬੇਅਦਬੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਤਰੀਕਾ ਇਹ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ’ਤੇ ਨਿੱਜੀ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ, ਸਗੋਂ ਦਲੀਲ ਨਾਲ ਗੱਲ ਕਰਨ ਦਾ ਤਰੀਕਾ ਅਪਨਾਉਣਾ ਪਵੇਗਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਡਿਪਟੀ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਵਾਪਰੇ ਘਿਨਾਉਣੇ ਕਾਂਡ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਤਾਂ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੇਅਦਬੀ ਕਰਦੇ ਦੀ ਵੀਡੀਓ ਹੈ ਤਾਂ ਸਾਹਮਣੇ ਲਿਆਂਦੀ ਜਾਵੇ।