ਨਵੀਂ ਪਾਰਟੀ ਬਨਾਉਣ ਦੇ ਐਲਾਨ ਤੋਂ ਬਾਅਦ ਘਿਰੇ ਕੈਪਟਨ, ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਖੋਲ੍ਹਿਆ ਮੋਰਚਾ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂਆਂ ਵਲੋਂ ਕੈਪਟਨ ’ਤੇ ਲਗਾਤਾਰ ਹਮਲੇ ਬੋਲੇ ਜਾ ਰਹੇ ਹਨ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾਪ੍ਰਸਤ ਅਤੇ ਗੱਦਾਰ ਕਰਾਰ ਦਿੱਤਾ ਹੈ, ਉਥੇ ਹੀ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਉਂਝ ਵੀ ਕੈਪਟਨ ਨੇ ਅਕਾਲੀ ਦਲ ਅਤੇ ਭਾਜਪਾ ਨਾਲ ਮਿਲ ਕੇ ਹੀ 4 ਸਾਲ ਸਰਕਾਰ ਚਲਾਈ ਹੈ। ਉਨ੍ਹਾਂ ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ।
ਉਨ੍ਹਾਂ ਟਵੀਟ ਵਿਚ ਆਖਿਆ ਕਿ ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ। ਦਿਲ ਦੀ ਗੱਲ ਆਖਰ ਜ਼ੁਬਾਨ ’ਤੇ ਆ ਹੀ ਜਾਂਤੀ ਹੈ। 4 ਸਾਲ ਅਕਾਲੀ ਦਲ ਅਤੇ ਭਾਜਪਾ ਨਾਲ ਮਿਲ ਕੇ ਹੀ ਤਾਂ ਤੁਸੀਂ ਸਰਕਾਰ ਚਲਾਈ ਹੈ। ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ। ਹੁਣ ਆਪਣੀ ਨਵੀਂ ਪਾਰਟੀ ਵਿਚ ਆਪਣੇ ਭਤੀਜੇ (ਬਾਦਲ) ਨੂੰ ਸ਼ਾਮਲ ਨਾ ਕਰਨ ਦਾ ਡਰਾਮਾ ਕਿਉਂ?
ਰੰਧਾਵਾ ਅਤੇ ਪਰਗਟ ਨੇ ਵੀ ਖੋਲ੍ਹਿਆ ਕੈਪਟਨ ਖ਼ਿਲਾਫ਼ ਮੋਰਚਾ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੰਤਰੀ ਪਰਗਟ ਸਿੰਘ ਨੇ ਕੈਪਟਨ ’ਤੇ ਵੱਡੇ ਹਮਲੇ ਬੋਲੇ। ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੌਕਾਪ੍ਰਸਤ ਆਗੂ ਦੱਸਦੇ ਹੋਏ ਕਿਹਾ ਕਿ ਸਾਢੇ ਚਾਰ ਸਾਲਾਂ ਵਿਚ ਕੈਪਟਨ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ ਜਦਕਿ ਹੁਣ ਕੁੱਝ ਦਿਨਾਂ ਵਿਚ ਹੀ ਤਿੰਨ ਵਾਰ ਜਾ ਕੇ ਮਿਲ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਕੈਪਟਨ ਪੰਜਾਬ ਨੂੰ ਗੁਆਂਢੀ ਦੇਸ਼ ਤੋਂ ਖ਼ਤਰਾ ਦੱਸ ਰਹੇ ਹਨ ਪਰ ਉਹ ਪਹਿਲਾਂ ਇਹ ਦੱਸਣ ਕਿ ਸਾਢੇ ਚਾਰ ਸਾਲ ਤੱਕ ਪੰਜਾਬ ਵਿਚ ਟਿਫਿਨ ਬੰਬ ਕਿਵੇਂ ਆ ਗਏ, ਕੈਪਟਨ ਕਿਉਂ ਪੰਜਾਬ ਵਿਚ ਨਸ਼ਾ ਨਹੀਂ ਰੋਕ ਸਕੇ, ਹਥਿਆਰ ਨਹੀਂ ਰੋਕ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਕਿਸਾਨ ਜਾਂ ਚੀਨ ਤੋਂ ਖ਼ਤਰਾ ਨਹੀਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖਤਰਾ ਜ਼ਰੂਰ ਹੈ। ਜਦਕਿ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਗਠਜੋੜ ਕਰਨ ਦੀਆਂ ਅਟਕਲਾਂ ’ਤੇ ਤਿੱਖਾ ਹਮਲਾ ਕੀਤਾ। ਪਰਗਟ ਸਿੰਘ ਨੇ ਇਸ ਨੂੰ ਚੋਣਾਂ ਤੋਂ ਪਹਿਲਾਂ ਹੀ ਹੋਇਆ ਗਠਜੋੜ ਦੱਸਿਆ। ਉਨ੍ਹਾਂ ਕਿਹਾ ਕਿ ਇਹ ਚੋਣਾਂ ਤੋਂ ਬਾਅਦ ਦਾ ਗਠਜੋੜ ਨਹੀਂ ਹੈ, ਸਗੋਂ ਚੋਣਾਂ ਤੋਂ ਪਹਿਲਾਂ ਹੀ ਕੀਤਾ ਗਿਆ ਗਠਜੋੜ ਹੈ। ਉਨ੍ਹਾਂ ਕਿਹਾ ਕਿ ਕੈਪਟਨ ਹਮੇਸ਼ਾ ਤੋਂ ਭਾਜਪਾ ਨਾਲ ਗਠਜੋੜ ਵਿਚ ਹਨ।