ਚੋਟੀ ਦੇ ਆਗੂਆਂ ਨੂੰ TMC ’ਚ ਸ਼ਾਮਲ ਕਰਨ ’ਤੇ ਕਾਂਗਰਸ ਮਮਤਾ ‘ਦੀਦੀ’ ਨਾਲ ਨਾਰਾਜ਼

ਨੈਸ਼ਨਲ ਡੈਸਕ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਭ ਇਕੋ-ਜਿਹੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਇਕਮੁੱਠ ਕਰਨ ਦੀ ਮੈਗਾ ਯੋਜਨਾ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਤ੍ਰਿਣਮੂਲ ਕਾਂਗਰਸ (TMC) ਦੀ ਨੇਤਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜਕਲ ਆਪਣੇ ਮਿਸ਼ਨ ’ਤੇ ਹੈ। ਉਹ ਨਾ ਸਿਰਫ ਭਾਜਪਾ ਆਗੂਆਂ, ਸਗੋਂ ਕਾਂਗਰਸ ਦੇ ਚੋਟੀ ਦੇ ਆਗੂਆਂ ਨੂੰ ਵੀ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਕਰਵਾ ਰਹੀ ਹੈ। ਉਹ ਕੁਝ ਮਹੀਨੇ ਪਹਿਲਾਂ ਪੱਛਮੀ ਬੰਗਾਲ ਵਿਚ ਚੋਣਾਂ ਤੋਂ ਬਾਅਦ ਹਿੰਸਾ ਦੇ ਮਾਮਲੇ ਵਿਚ ਕਾਂਗਰਸ ਅਤੇ ਭਾਜਪਾ ਆਗੂਆਂ ਵੱਲੋਂ ਕੀਤੀ ਗਈ ਨਿੰਦਾ ਨੂੰ ਵੀ ਭੁਲਾਉਣ ਦਾ ਯਤਨ ਕਰ ਰਹੀ ਹੈ।
ਇਕ ਦਿਨ ਪਹਿਲਾਂ ਖਤਮ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਕਾਂਗਰਸ ਅਤੇ ਤ੍ਰਿਣਮੂਲ ਦਰਮਿਆਨ ਦੋਸਤੀ ਨੂੰ ਕੂੜੇਦਾਨ ਵਿਚ ਸੁੱਟ ਦਿੱਤਾ ਗਿਆ। ਤ੍ਰਿਣਮੂਲ ਦੇ ਆਗੂਆਂ ਨੇ ਆਸਾਮ, ਗੋਆ ਅਤੇ ਹੋਰਨਾਂ ਸੂਬਿਆਂ ਤੋਂ ਕਾਂਗਰਸ ਦੇ 2 ਪ੍ਰਮੁੱਖ ਆਗੂਆਂ ਨੂੰ ਆਪਣੇ ਹੱਕ ਵਿਚ ਕਰ ਲਿਆ ਹੈ। ਮਮਤਾ ਨੇ ਕਾਂਗਰਸ ਮਹਿਲਾ ਮੋਰਚਾ ਦੀ ਮੁਖੀ ਸੁਸ਼ਮਿਤਾ ਦੇਵ ਨੂੰ ਨਾ ਸਿਰਫ ਆਪਣੀ ਪਾਰਟੀ ਵਿਚ ਸ਼ਾਮਲ ਕੀਤਾ, ਸਗੋਂ ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਵੀ ਦਿੱਤੀ। ਇਸੇ ਤਰ੍ਹਾਂ ਉਨ੍ਹਾਂ ਗੋਆ ਦੇ ਸਾਬਕਾ ਮੁੱਖ ਮੰਤਰੀ ਫਲੇਰੀਓ ਨੂੰ ਵੀ ਆਪਣੀ ਪਾਰਟੀ ਵਿਚ ਸ਼ਾਮਲ ਕੀਤਾ। ਤ੍ਰਿਣਮੂਲ ਕਾਂਗਰਸ ਨੇ ਆਪਣੇ ਦਮ ’ਤੇ ਗੋਆ ਵਿਚ ਅਸੈਂਬਲੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਕਾਂਗਰਸ ਵਰਕਿੰਗ ਕਮੇਟੀ ਦੇ ਆਗੂਆਂ ਨੇ ਇਕ ਦਿਨ ਪਹਿਲਾਂ ਮਮਤਾ ਬੈਨਰਜੀ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਸਨ।
ਅਧੀਰ ਰੰਜਨ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਮੁੱਖ ਰੂਪ ਨਾਲ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਾਂਗਰਸੀ ਆਗੂਆਂ ਨੂੰ ਤ੍ਰਿਣਮੂਲ ਵਿਚ ਸ਼ਾਮਲ ਕਰਵਾਉਣ ਵਿਰੁੱਧ ਟਵੀਟ ਕੀਤਾ ਸੀ। ਤ੍ਰਿਣਮੂਲ ਕਾਂਗਰਸ ਦਾ ਨਾਂ ਲਏ ਬਿਨਾਂ ਬਘੇਲ ਨੇ ਕਿਹਾ ਸੀ ਕਿ ਜਿਹੜੇ ਵਿਅਕਤੀ ਆਪਣੇ ਦਮ ’ਤੇ ਸੀਟ ਨਹੀਂ ਜਿੱਤ ਸਕਦੇ ਹਨ, ਉਹ ਕਾਂਗਰਸੀ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਵਾ ਕੇ ਕੌਮੀ ਪੱਧਰ ’ਤੇ ਸਿਆਸੀ ਬਦਲ ਲੱਭ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੈ। ਅਜੇ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਕੀ ਸੋਨੀਆ ਗਾਂਧੀ ਨੇ ਮੈਂਬਰਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ’ਤੇ ਕੋਈ ਟਿੱਪਣੀ ਕੀਤੀ ਹੈ ਜਾਂ ਨਹੀਂ।