ਖੇਤੀਬਾੜੀ ਮੰਤਰੀ ਨਾਲ ਨਿਹੰਗ ਸਿੰਘ ਦੀ ਵਾਇਰਲ ਤਸਵੀਰ ’ਤੇ ਕਿਸਾਨ ਮੋਰਚੇ ਨੇ ਦਿੱਤਾ ਵੱਡਾ ਬਿਆਨ

ਸੋਨੀਪਤ— ਸਿੰਘ ਬਾਰਡਰ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਬੇਅਦਬੀ ਦੇ ਦੋਸ਼ੀ ਲਖਬੀਰ ਸਿੰਘ ਦਾ ਮਾਮਲਾ ਸਾਹਮਣੇ ਆਇਆ ਤਾਂ ਅੰਦੋਲਨ ਦੇ ਨਾਲ-ਨਾਲ ਸੰਯੁਕਤ ਕਿਸਾਨ ਮੋਰਚਾ ’ਤੇ ਵੀ ਪੂਰੇ ਦੇਸ਼ ’ਚ ਸਵਾਲੀਆ ਨਿਸ਼ਾਨ ਉਠਣ ਲੱਗੇ ਹਨ। ਕਿਸਾਨ ਆਗੂ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਨਜ਼ਰ ਆਏ। ਉੱਥੇ ਹੀ ਲਖਬੀਰ ਸਿੰਘ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘ ਅਮਨ ਸਿੰਘ ਦੀ ਤਸਵੀਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਵੱਡੇ-ਵੱਡੇ ਨੇਤਾ ਦਰਸ਼ਨ ਪਾਲ ਸਿੰਘ, ਯੁੱਧਵੀਰ ਸਿੰਘ ਅਤੇ ਅਭਿਮਨਿਊ ਕੋਹਾੜ ਦੇ ਬਿਆਨ ਵੀ ਸਾਹਮਣੇ ਆਏ ਹਨ।
ਨਿਹੰਗ ਸਿੰਘ ਅਮਨ ਸਿੰਘ ਦੀ ਤਸਵੀਰ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤਸਵੀਰ ਵਿਚ ਸਾਫ਼ ਹੈ ਕਿ ਸਰਕਾਰ ਕਿਸਾਨ ਅੰਦੋਲਨ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਤੋੜਨ ਲਈ ਏਜੰਡਾ ਚਲਾ ਰਹੀ ਹੈ। ਤਸਵੀਰ ਵਾਇਰਲ ਹੋਣ ਮਗਰੋਂ ਇਹ ਸਪੱਸ਼ਟ ਹੈ ਕਿ ਕਿਸਾਨ ਅੰਦੋਲਨ ਨੂੰ ਤੋੜਨ ਦੀ ਵੱਡੀ ਸਾਜ਼ਿਸ਼ ਹੈ ਅਤੇ ਸਰਕਾਰ ਨੇ ਹੀ ਇਹ ਕਤਲਕਾਂਡ ਕਰਵਾਇਆ ਹੈ।
ਤਿੰਨੋਂ ਨੇਤਾਵਾਂ ਨੇ ਇਕ ਸੁਰ ਵਿਚ ਕਿਹਾ ਕਿ ਲਖਬੀਰ ਸਿੰਘ ਕਤਲਕਾਂਡ ਸਰਕਾਰ ਜਾਂ ਕਿਸੇ ਏਜੰਸੀ ਦੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇਸ ਪੂਰੇ ਘਟਨਾਕ੍ਰਮ ਦੀ ਜਾਂਚ ਗੰਭੀਰ ਜਾਂਚ ਕਰਨ ਵਾਲੀ ਏਜੰਸੀ ਤੋਂ ਹੋਣੀ ਚਾਹੀਦੀ ਹੈ, ਜੋ ਕਿ ਸਰਕਾਰ ਦਾ ਦਬਾਅ ਨਾ ਮੰਨਦੀ ਹੋਵੇ। ਕਿਸਾਨ ਆਗੂ ਦਰਸ਼ਨ ਪਾਲ ਸਿੰਘ, ਯੁੱਧਵੀਰ ਸਿੰਘ ਅਤੇ ਅਭਿਮਨਿਊ ਕੋਹਾੜ ਨੇ ਕਿਹਾ ਕਿ ਲਖੀਮਪੁਰ ਖੀਰੀ ’ਚ ਜੋ ਘਟਨਾ ਵਾਪਰੀ ਉਹ ਸਾਡੇ ਦੇਸ਼ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਜੋ 25 ਸਤੰਬਰ ਨੂੰ ਬਿਆਨ ਦਿੱਤਾ, ਉਹ 3 ਤਾਰੀਖ਼ ਦੀ ਘਟਨਾ ਦਾ ਬੇਸ ਬਣਿਆ, ਜਿਸ ’ਚ ਸਾਡੇ 4 ਕਿਸਾਨ ਸਾਥੀ ਅਤੇ ਇਕ ਪੱਤਰਕਾਰ ਸਾਥੀ ਦੀ ਮੌਤ ਹੋਈ।
ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਜੋ ਸਿੰਘੂ ਸਰਹੱਦ ’ਤੇ ਇਕ ਘਟਨਾ ਵਾਪਰੀ, ਇਸ ਵਿਚ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਇਕ ਸਿੱਖ ਨੌਜਵਾਨ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲਖਬੀਰ ਕਤਲਕਾਂਡ ਵਿਚ ਕੋਈ ਵੱਡੀ ਸਾਜ਼ਿਸ਼ ਹੈ। ਇਸ ਸਾਜ਼ਿਸ਼ ਵਿਚ ਲਖਬੀਰ ਸਿੰਘ ਬਲੀ ਦਾ ਬਕਰਾ ਬਣ ਗਿਆ। ਇਸ ਪੂਰੇ ਮਾਮਲੇ ਦੀ ਜਾਂਚ ਹੋਵੇ, ਤਾਂ ਕਿ ਪੂਰੇ ਮਾਮਲੇ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਇਸ ਮਾਮਲੇ ਨੂੰ ਲੈ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।