ਲਖੀਮਪੁਰ— ਉੱਤਰ ਪ੍ਰਦੇਸ਼ ਪੁਲਸ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ 4 ਹੋਰ ਲੋਕਾਂ ਨੂੰ ਸੋਮਵਾਰ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਵਿਚ ਇਕ ਭਾਜਪਾ ਵਰਕਰ ਸੁਮਿਤ ਜਾਇਸਵਾਲ ਵੀ ਸ਼ਾਮਲ ਹੈ, ਜੋ ਘਟਨਾ ਦੇ ਸਮੇਂ ਐੱਸ. ਯੂ. ਵੀ. ਕਾਰ ਵਿਚ ਸਵਾਰ ਸੀ। ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿਚ ਹੁਣ ਤਕ ਕੁੱਲ 10 ਲੋਕਾਂ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ ਮਾਮਲੇ ਵਿਚ ਹੋਰ ਦੋਸ਼ੀ ਪੁਲਸ ਹਿਰਾਸਤ ’ਚ ਹਨ।
ਆਸ਼ੀਸ਼ ਨੂੰ ਪਿਛਲੀ 9 ਅਕਤੂਬਰ ਨੂੰ ਪੁੱਛ-ਗਿੱਛ ਮਗਰੋਂ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਵਿਰੋਧੀ ਦਲ ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੇ ਹਨ। ਗਿ੍ਰਫ਼ਤਾਰ ਕੀਤੇ ਗਏ ਹੋਰ ਤਿੰਨ ਲੋਕ- ਲਖੀਮਪੁਰ ਖੀਰੀ ਦੇ ਸ਼ਿਸ਼ੂਪਾਲ, ਲਖਨਊ ਦੇ ਨੰਦਨ ਸਿੰਘ ਅਤੇ ਕੌਸ਼ਾਂਬੀ ਦੇ ਸੱਤਿਅ ਤ੍ਰਿਪਾਠੀ ਸ਼ਾਮਲ ਹਨ, ਜੋ ਕਿ ਹਿੰਸਾ ਦੇ ਦਿਨ ਕਾਫ਼ਿਲੇ ਦਾ ਹਿੱਸਾ ਸਨ। ਇਸ ਤੋਂ ਪਹਿਲਾਂ, ਕੇਂਦਰੀ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਉਨ੍ਹਾਂ ਦੇ ਸਹਿਯੋਗੀ ਲਵਕੁਸ਼ ਪਾਂਡੇ, ਆਸ਼ੀਸ਼ ਪਾਂਡੇ, ਅੰਕਿਤ ਦਾਸ, ਸ਼ੇਖਰ ਭਾਰਤੀ ਅਤੇ ਲਤੀਫ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਬੀਤੀ 3 ਅਕਤੂਬਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹਿੰਸਾ ਵਾਪਰੀ ਸੀ। ਇਸ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਅਤੇ 15-20 ਹੋਰ ਲੋਕਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।