ਲਖਨਊ— ਉੱਤਰ ਪ੍ਰਦੇਸ਼ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਰਾਸ਼ਟਰੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨੇ ਵੱਡਾ ਐਲਾਨ ਕੀਤਾ ਹੈ। ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਕਾਂਗਰਸ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਵੇਗੀ। ਇਸ ਦੇ ਨਾਲ ਹੀ ਪਿ੍ਰਯੰਕਾ ਨੇ ਕਿਹਾ ਕਿ ਕਾਂਗਰਸ ਦਾ ਨਾਅਰਾ ਹੈ ‘ਲੜਕੀ ਹਾਂ, ਲੜ ਸਕਦੀ ਹਾਂ’। ਇਹ ਇਕ ਨਵੀਂ ਸ਼ੁਰੂੁਆਤ ਹੈ। ਦੇਸ਼ ਅਤੇ ਉੱਤਰ ਪ੍ਰਦੇਸ਼ ਦੀਆਂ ਔਰਤਾਂ ਨੂੰ ਸਮਰਪਿਤ ਮੇਰੀ ਅੱਜ ਦੀ ਪ੍ਰੈੱਸ ਕਾਨਫਰੰਸ ਹੈ।
ਪਿ੍ਰਯੰਕਾ ਨੇ ਕਿਹਾ ਕਿ 40 ਫ਼ੀਸਦੀ ਟਿਕਟਾਂ ਦਾ ਫ਼ੈਸਲਾ ਉਨਾਵ ਦੀ ਉਸ ਲੜਕੀ ਲਈ ਹੈ, ਜਿਸ ਨੂੰ ਸਾੜਿਆ ਗਿਆ, ਮਾਰਿਆ ਗਿਆ। ਇਹ ਫ਼ੈਸਲਾ ਹਾਥਰਸ ਦੀ ਉਸ ਲੜਕੀ ਲਈ ਹੈ, ਜਿਸ ਨੂੰ ਨਿਆਂ ਨਹੀਂ ਮਿਲਿਆ। ਪਿ੍ਰਯੰਕਾ ਨੇ ਕਿਹਾ ਕਿ ਲਖੀਮਪੁਰ ’ਚ ਇਕ ਲੜਕੀ ਮਿਲੀ, ਉਸ ਨੇ ਬੋਲਿਆ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹਾਂ, ਉਸ ਲਈ ਹੈ ਇਹ ਫ਼ੈਸਲਾ। ਇਹ ਫ਼ੈਸਲਾ ਸੋਨਭੱਦਰ ਵਿਚ ਉਸ ਔਰਤ ਲਈ ਹੈ, ਜਿਸ ਦਾ ਨਾਂ ਕਿਸਮਤ ਹੈ, ਜਿਸ ਨੇ ਆਪਣੇ ਲਈ ਆਵਾਜ਼ ਚੁੱਕੀ। ਇਹ ਉੱਤਰ ਪ੍ਰਦੇਸ਼ ਦੀ ਹਰ ਇਕ ਮਹਿਲਾ ਲਈ ਹੈ, ਜੋ ਉੱਤਰ ਪ੍ਰਦੇਸ਼ ਦੇ ਅੱਗੇ ਵਧਾਉਣਾ ਚਾਹੁੰਦੀਆਂ ਹਨ।