ਗੁਮਲਾ- ਝਾਰਖੰਡ ਦੇ ਗੁਮਲਾ ਜ਼ਿਲ੍ਹੇ ’ਚ 2 ਨਾਬਾਲਗ ਭੈਣਾਂ ਨਾਲ 10 ਲੋਕਾਂ ਵਲੋਂ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ’ਚ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇਕ ਹੋਰ ਦੋਸ਼ੀ ਨੇ ਖ਼ੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ (ਐੱਸ.ਪੀ.) ਏਹਤੇਸ਼ਾਮ ਵਕਾਰਿਬ ਨੇ ਦੱਸਿਆ ਕਿ ਸਮੂਹਕ ਜਬਰ ਜ਼ਿਨਾਹ ਦੀ ਘਟਨਾ 15 ਅਕਤੂਬਰ ਦੀ ਸ਼ਾਮ ਹੋਈ। ਘਟਨਾ ਦੇ ਸਮੇਂ ਆਦਿਵਾਸੀ ਕੁੜੀਆਂ ਆਪਣੇ 20 ਸਾਲਾ ਇਕ ਰਿਸ਼ਤੇਦਾਰ ਨਾਲ ਦੁਰਗਾ ਪੂਜਾ ਮੇਲੇ ਤੋਂ ਗੁਰਦਾਰੀ ਥਾਣਾ ਖੇਤਰ ’ਚ ਘਰ ਪਰਤ ਰਹੀਆਂ ਸਨ। ਤਿੰਨ ਮੋਟਰਸਾਈਕਲਾਂ ’ਤੇ ਸਵਾਰ 10 ਦੋਸ਼ੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਕੁੜੀਆਂ ’ਤੇ ਅਸ਼ਲੀਲ ਟਿੱਪਣੀ ਕੀਤੀ।
ਨੌਜਵਾਨ ਦੇ ਵਿਰੋਧ ਕਰਨ ’ਤੇ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕੀਤੀ। ਹਾਲਾਂਕਿ ਉਹ ਖ਼ੁਦ ਨੂੰ ਕਿਸੇ ਤਰ੍ਹਾਂ ਉਨ੍ਹਾਂ ਦੇ ਚੰਗੁਲ ਤੋਂ ਛੁਡਾਉਣ ’ਚ ਕਾਮਯਾਬ ਰਿਹਾ ਅਤੇ ਮਦਦ ਲਈ ਆਪਣੇ ਪਿੰਡ ਚਲਾ ਗਿਆ। ਐੱਸ.ਪੀ. ਨੇ ਦੱਸਿਆ ਕਿ ਬਦਮਾਸ਼ ਦੋਹਾਂ ਕੁੜੀਆਂ ਨੂੰ ਘਸੀਟ ਕੇ ਜੰਗਲ ’ਚ ਲੈ ਗਏ ਅਤੇ ਵਾਰੀ-ਵਾਰੀ ਨਾਲ ਉਨ੍ਹਾਂ ਨਾਲ ਜਬਰ ਜ਼ਿਨਾਹ ਕੀਤਾ। ਵਕਾਰਿਬ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਕੁੜੀਆਂ ਨੂੰ ਕੁੱਟਿਆ ਅਤੇ ਉਨ੍ਹਾਂ ਨੂੰ ਨੇੜੇ ਦੇ ਦੂਜੇ ਸਥਾਨ ’ਤੇ ਲੈ ਗਏ ਅਤੇ ਮੁੜ ਉਨ੍ਹਾਂ ਨਾਲ ਜਬਰ ਜ਼ਿਨਾਹ ਕੀਤਾ। ਪੀੜਤਾ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੂੰ ਮੌਕੇ ’ਤੇ ਆਉਂਦੇ ਦੇਖ ਦੋਸ਼ੀ ਦੌੜ ਗਏ। ਕੁੜੀਆਂ 10 ਦੋਸ਼ੀਆਂ ’ਚੋਂ 2 ਦੀ ਪਛਾਣ ਕਰ ਸਕੀਆਂ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੋਰ 8 ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ’ਚੋਂ ਇਕ ਨੇ ਗ੍ਰਿਫ਼ਤਾਰੀ ਦੇ ਡਰੋਂ ਖ਼ੁਦਕੁਸ਼ੀ ਕਰ ਲਈ।